ਅਸ਼ੋਕ ਵਰਮਾ
- ਅਧਿਕਾਰੀਆਂ ਤੇ ਅਜਿਹੇ ਸਮਾਗਮਾਂ ’ਚ ਜਾਣ ਤੋਂ ਰੋਕਣ ਦੀ ਮੰਗ
ਚੰਡੀਗੜ੍ਹ, 10 ਅਕਤੂਬਰ 2020 - ਸ਼ਹੀਦ ਭਗਤ ਸਿੰਘ ਨਗਰ ਜਿਲੇ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ੇਨਾ ਅਗਰਵਾਲ ਵੱਲੋਂ ਰਿਲਾਇੰਸ ਕੰਪਨੀ ਦੇ ‘ਸੁਪਰ ਸਮਾਰਟ ਸਟੋਰ’ ਦਾ ਉਦਘਾਟਨ ਕੀਤੇ ਜਾਣ ਨੂੰ ਲੈ ਕੇ ਨਵਾਂ ਰੱਫੜ ਖੜਾ ਹੋ ਗਿਆ ਹੈ। ਇਹ ਮਾਮਲਾ ਉਸ ਵਕਤ ਭੜਕਿਆ ਹੈ ਜਦੋਂ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ’ਚ ਕਿਸਾਨ ਜੱਥੇਬੰਦੀਆਂ ਕਾਰਪੋਰੇਟ ਕੰਪਨੀਆਂ ਜਿੰਨਾਂ ’ਚ ਰਿਲਾਇੰਸ ਵੀ ਸ਼ਾਮਲ ਹੈ ਦਾ ਤਿੱਖਾ ਵਿਰੋਧ ਕਰਦਿਆਂ ਕੰਪਨੀ ਦੇ ਸ਼ਾਪਿੰਗ ਮਾਲਜ਼ ਤੇ ਪੈਟਰੋਲ ਪੰਪ ਘੇਰੀ ਬੈਠੀਆਂ ਹਨ। ਸਮਾਜਿਕ ਆਗੂਆਂ ਨੇ ਅਜਿਹੇ ਮਾਮਲਿਆਂ ’ਚ ਮੁੱਖ ਮੰਤਰੀ ਪੰਜਾਬ ਨੂੰ ਦਖਲ ਦੇਕੇ ਸਰਕਾਰੀ ਅਧਿਕਾਰੀਆਂ ਤੇ ਸ਼ਹੀਦ ਭਗਤ ਸਿੰਘ ਨਗਰ ਵਰਗੇ ਸਮਾਗਮਾਂ ’ਚ ਸ਼ਾਮਲ ਹੋਣ ਤੋਂ ਰੋਕਣ ਦੀ ਮੰਗ ਕੀਤੀ ਹੈ। ਖਾਸ ਤੌਰ ਤੇ ਵਪਾਰਕ ਮੰਤਵ ਵਾਲੇ ਪ੍ਰੋਗਰਾਮਾਂ ’ਚ ਜਾਣ ਤੋਂ ਤਾਂ ਪੂਰੀ ਤਰ੍ਹਾਂ ਮਨਾਹੀ ਕਰਨ ਲਈ ਆਖਿਆ ਗਿਆ ਹੈ। ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਇਸ ਸਬੰਧੀ ਪੱਤਰ ਭੇਜਿਆ ਹੈ।
ਪੱਤਰ ’ਚ ਕਿਹਾ ਗਿਆ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਨਿੱਜੀ ਤੇ ਵਪਾਰਕ ਅਦਾਰਿਆਂ ਦੇ ਉਦਘਾਟਨੀ ਅਤੇ ਵਪਾਰਕ ਉਦੇਸ਼ ਵਾਲੇ ਸਮਾਗਮਾਂ ਵਿੱਚ ਸ਼ਿਰਕਤ ਨਾ ਕਰਨ। ਸ੍ਰੀ ਕਿੱਤਣਾ ਵੱਲੋਂ ਲਿਖੇ ਪੱਤਰ ਅਨੁਸਾਰ ਅਧਿਕਾਰੀ ਅਕਸਰ ਏਦਾਂ ਦੇ ਅਦਾਰਿਆਂ ਦੇ ਸਮਾਗਮਾਂ ਵਿੱਚ ਬਤੌਰ ਸਰਕਾਰੀ ਅਧਿਕਾਰੀ ਸ਼ਮੂਲੀਅਤ ਕਰਦੇ ਹਨ ਜਿਸ ਨਾਲ ਲੋਕਾਂ ’ਚ ਉਸ ਅਦਾਰੇ ਪ੍ਰਤੀ ਕਾਨੂੰਨ ਤੇ ਨਿਯਮਾਂ ਤਹਿਤ ਕੰਮ ਕਰਨ ਦਾ ਭਰੋਸਾ ਬਣ ਜਾਂਦਾ ਹੈ ਜਦੋਂਕਿ ਹਕੀਕਤ ਇਸ ਦੇ ਉਲਟ ਹੁੰਦੀ ਹੈ। ਉਨਾਂ ਪੱਤਰ ’ਚ ਕਿਹਾ ਹੈ ਕਿ ਕਈ ਵਾਰ ਤਾਂ ਅਦਾਰੇ ਵਪਾਰਕ ਤੇ ਵਿਵਾਦਤ ਅਤੇ ਗਾਹਕਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਕਥਿਤ ਲੁੱਟ ਵੀ ਕਰਦੇ ਹਨ। ਇਸ ਸਬੰਧ ’ਚ ਮਿਸਾਲ ਦਿੰਦਿਆਂ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਰਿਲਾਇੰਸ ਕੰਪਨੀ ਦੇ ‘ਸੁਪਰ ਸਮਾਰਟ ਸਟੋਰ‘ ਦੇ ਉਦਘਾਟਨ ਨੂੰ ਭਾਵੇਂ ਸਰਕਾਰ ਦੀ ‘ਘਰ ਘਰ ਰੁਜ਼ਗਾਰ ਮੁਹਿੰਮ’ ਨਾਮ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਸਟੋਰ ਦੇ ਪ੍ਰਬੰਧਕ ਇਸ ਸ਼ਮੂਲੀਅਤ ਦਾ ਕਥਿਤ ਤੌਰ ‘ਤੇ ਵਪਾਰਕ ਫਾਇਦਾ ਲੈਣ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।
ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਅਦਾਰੇ ਵਲੋਂ ਆਪਣਾ ਸਮਾਨ ਵੇਚਣ ਲਈ ਕਥਿਤ ਤੌਰ ‘ਤੇ ਕਾਨੂੰਨਾਂ-ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ।ਸ਼ਹਿਰ ਵਿੱਚ ਵੱਡੇ ਵੱਡੇ ਬੋਰਡ ਲਗਾ ਕੇ ‘9 ਰੁਪਏ ਕਿਲੋ ਖੰਡ’ ਖਰੀਦਣ ਦਾ ਲਾਲਚ ਦਿੱਤਾ ਗਿਆ ਹੈ ਲੇਕਿਨ ਸਟੋਰ ‘ਤੇ ਜਾਣ ‘ਤੇ ਗਾਹਕ ਨੂੰ ਪਤਾ ਲੱਗਦਾ ਹੈ ਕਿ 1500 ਰੁਪਏ ਦੀ ਖਰੀਦਦਾਰੀ ਕਰਨ ‘ਤੇ ਹੀ ਗਾਹਕ ਨੂੰ ਸਿਰਫ ਇੱਕ ਕਿਲੋ ਖੰਡ 9 ਰੁਪਏ ਦੀ ਮਿਲੇਗੀ। ਬੋਰਡ ‘ਤੇ ਇਹ ਸ਼ਰਤ ਇੰਨੇ ਬਰੀਕ ਅੱਖਰਾਂ ਵਿੱਚ ਲਿਖੀ ਗਈ ਹੈ ਕਿ ਪੜੀ ਹੀ ਨਹੀਂ ਜਾਂਦੀ।ਕੁਝ ਹੋਰ ਸਮਾਨ ਵੀ ਜਾਂ ਤਾਂ ਦੁੱਗਣੇ ਤਿੱਗਣੇ ਰੇਟ ਦਰਸਾ ਕੇ ਉਹਨਾਂ ‘ਤੇ ਡਿਸਕਾਊਂਟ ਦਿੱਤਾ ਗਿਆ ਹੈ। ਕੁਝ ਸਮਾਨ ਆਮ ਦੁਕਾਨਦਾਰਾਂ ਨਾਲੋਂ ਮਹਿੰਗੇ ਰੇਟ ‘ਤੇ ਵੇਚਿਆ ਜਾ ਰਿਹਾ ਹੈ।ਅਜਿਹੇ ਸਟੋਰ/ਅਦਾਰਿਆਂ ਦੀਆਂ ਆਪ ਹੁਦਰੀਆਂ ਰੋਕਣ ਲਈ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਕੋਈ ਕਾਰਵਾਈ ਨਹੀਂ ਕਰਦੇ ਕਿਉਂਕਿ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਉਹਨਾਂ ‘ਤੇ ਪ੍ਰਭਾਵ ਹੁੰਦਾ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਤੋਂ ਮੰਗ ਕੀਤੀ ਹੈ ਕਿ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਜਾਣ ਕਿ ਉਹ ਨਿੱਜੀ ਵਪਾਰਕ ਜਾਂ ਵਿਵਾਦਤ ਅਦਾਰਿਆਂ ਦੇ ਉਦਘਾਟਨੀ ਤੇ ਵਪਾਰਕ ਉਦੇਸ਼ ਨਾਲ ਸਬੰਧਤ ਪ੍ਰੋਗਰਾਮਾਂ ‘ਤੇ ਨਾ ਜਾਣ। ਪਰਵਿੰਦਰ ਸਿੰਘ ਕਿੱਤਣਾ ਦੇ ਦੱਸਣ ਅਨੁਸਾਰ ਡਿਪਟੀ ਕਮਿਸ਼ਨਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਵੀ ਪੱਤਰ ਭੇਜ ਕੇ ਰੋਸ ਜਤਾਇਆ ਗਿਆ ਹੈ ਅਤੇ ਸੁਪਰ ਸਮਾਰਟ ਸਟੋਰ ਵਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਅਤੇ ਕਥਿਤ ਲੁੱਟ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਸ਼ਹੀਦ ਭਗਤ ਸਿੰਘ ਨਗਰ ਜਿਲੇ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਫੋਨ ਨਹੀਂ ਚੁੱਕਿਆ।