ਮਨਿੰਦਰਜੀਤ ਸਿੱਧੂ
- ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਅਤੇ ਬਲਕਾਰ ਅਣਖੀਲਾ ਵੀ ਪਹੁੰਚੇ ਹਮਾਇਤ ਵਿੱਚ
ਜੈਤੋ, 11 ਅਕਤੂਬਰ 2020 - ਕੇਂਦਰ ਸਰਕਾਰ ਦੁਆਰਾ ਨਵੇਂ ਬਣਾਏ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਕਿਸਾਨਾਂ ਦੀਆਂ ਜੱਥੇਬੰਦੀਆਂ ਦੇ ਸਮੂਹ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਿਸਾਨਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਸਟੇਟ ਅਤੇ ਨੈਸ਼ਨਲ ਹਾਈਵੇ ਉੱਪਰ ਲੱਗੇ ਟੌਲ ਪਲਾਜ਼ੇ, ਕਾਰਪੋਰੇਟਾਂ ਦੇ ਕਾਰੋਬਾਰ ਘੇਰਨ ਜਿਵੇਂ ਰਿਲਾਇੰਸ ਦੇ ਸ਼ਾਪਿੰਗ ਮਾਲ, ਪੈਟਰੋਲ ਪੰਪ, ਜੀਓ ਸਟੋਰ ਅਤੇ ਰੇਲ ਆਵਾਜਾਈ ਠੱਪ ਕੀਤੀ ਜਾ ਰਹੀ ਹੈ।
ਇਸ ਫੈਸਲੇ ਦੇ ਚਲਦਿਆਂ ਹੀ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਗੰਗਸਰ ਜੈਤੋ ਰੇਲਵੇ ਸਟੇਸ਼ਨ ਉੱਪਰ ਲਗਾਤਾਰ ਦਿਨ ਰਾਤ ਧਰਨਾ ਦਿੱਤਾ ਜਾ ਰਿਹਾ ਹੈ।ਇਸ ਧਰਨੇ ਵਿੱਚ ਅੱਜ ਪੰਜਾਬੀ ਦੇ ਦੋ ਸਿਰਮੌਰ ਗਾਇਕ ਗੁਰਵਿੰਦਰ ਬਰਾੜ ਅਤੇ ਬਲਕਾਰ ਅਣਖੀਲਾ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਵਿੰਦਰ ਬਰਾੜ ਨੇ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਅਤੇ ਅੱਜ ਕਿਰਸਾਨੀ ਉੱਪਰ ਬਣੀ ਭੀੜ ਵਿੱਚ ਅਸੀਂ ਕਿਸਾਨਾਂ ਦੇ ਨਾਲ ਹਾਂ।
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਇਹ ਕਾਲੇ ਕਾਨੂੰਨਾਂ ਨੂੰ ਸਰਕਾਰ ਨੂੰ ਹਰ ਹਾਲਤ ਵਿੱਚ ਵਾਪਸ ਲੈਣਾ ਪਵੇਗਾ। ਗਾਇਕ ਬਲਕਾਰ ਅਣਖੀਲਾ ਨੇ ਕਿਹਾ ਕਿ ਸਾਰੇ ਕਲਾਕਾਰਾਂ ਅਤੇ ਸਮਾਜ ਦੇ ਦੂਸਰੇ ਵਰਗਾਂ ਨੂੰ ਇਹ ਲੜਾਈ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਲੜਨੀ ਚਾਹੀਦੀ ਹੈ।ਕਿਸਾਨ ਜੱਥੇਬੰਦੀਆਂ ਕੋਲ ਸੰਘਰਸ਼ਾਂ ਦਾ ਲੰਮੇ ਸਮੇਂ ਦਾ ਤਜਰਬਾ ਹੈ ਅਤੇ ਉਹਨਾਂ ਨੇ ਸੰਘਰਸ਼ਾਂ ਨਾਲ ਬੜੀਆਂ ਵੱਡੀਆਂ ਲੜਾਈਆਂ ਜਿੱਤੀਆਂ ਹਨ।ਉਹਨਾਂ ਕਿਹਾ ਕਿਹਾ ਕਿ ਪੰਜਾਬ ਦੇ ਕਿਸਾਨਾਂ ਕਰਕੇ ਹੀ ਸਾਡੇ ਚੁੱਲ੍ਹੇ ਬਲਦੇ ਹਨ ਅਤੇ ਅਸੀਂ ਸਾਡੇ ਅੰਨਦਾਤਿਆਂ ਉੱਪਰ ਆਏ ਸੰਕਟ ਨੂੰ ਆਪਣੇ ਉੱਪਰ ਆਇਆ ਸੰਕਟ ਮੰਨ ਕੇ ਉਹਨਾਂ ਦੇ ਨਾਲ ਖੜ੍ਹੇ ਹਾਂ।