ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2020 - ਮਾਨਸਾ ਜ਼ਿਲੇ ’ਚ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਕਰ ਦਿੱਤੇ ਗਏ ਕਿਸਾਨ ਆਗੂ ਪਿਰਥੀ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਸਾਨ ਮੋਰਚੇ ’ਚ ਮੋਦੀ ਸਰਕਾਰ ਵੱਲੋ ਹੁਣ ਤੱਕ ਕਿਸਾਨਾਂ ਨਾਲ ਵਰਤਾਏ ਮੰਦਭਾਗੇ ਵਰਤਾਰੇ ਦਾ ਮੁੱਦਾ ਗੂੰਜਿਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਤਿੱਖੇ ਸ਼ਬਦੀ ਹਮਲ ਕੀਤੇ ਅਤੇ ਆਖਿਆ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਮਾਲ ਖਜਾਨੇ ਲੁਟਾਉਣ ਲਈ ਕਿਸਾਨਾਂ ਦੀ ਜਮੀਨ ਦੀ ਦੁਸ਼ਮਣ ਬਣ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਰਾਹ ਤੇ ਪਿਰਥੀ ਸਿੰਘ ਤੁਰਿਆ ਸੀ ਉਸ ਤੋਂ ਪ੍ਰੇਰਣਾ ਲੈਕੇ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਨਾਲ ਟੱਕਰ ਲੈਣਾ ਅੱਜ ਦੀ ਮੁੱਖ ਲੋੜ ਬਣ ਗਈ ਹੈ। ਇਸ ਮੌਕੇ ਕਿਸਾਨਾਂ ਨੇ ਪ੍ਰਣ ਲਿਆ ਕਿ ਉਹ ਆਪਣੀਆਂ ਪੈਲੀਆਂ ਬਚਾਉਣ ਲਈ ਹਰ ਕੁਰਬਾਨੀ ਕਰਨਗੇ। ਓਧਰ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਚ ਲਾਏ ਮੋਰਚਿਆਂ ਦੌਰਾਨ ਜ਼ਿਲ੍ਹਾ ਬਠਿੰਡਾ ਨੇ ਅੱਜ 11 ਵੇਂ ਦਿਨ ਵੀ ਜ਼ਿਲ੍ਹੇ ਵਿੱਚ ਸਰਮਾਏਦਾਰਾਂ ਦੇ ਛੇ ਥਾਵਾਂ ਤੇ ਕਾਰੋਬਾਰ ਨੂੰ ਠੱਪ ਰੱਖਿਆ ਜਦੋਂਕਿ ਬਣਾਂਵਾਲੀ ਥਰਮਲ ਪਲਾਂਟ ਅੱਗੇ ਮਾਨਸਾ ਜਿਲੇ ਨਾਲ ਸਾਂਝਾ ਧਰਨਾ ਜਾਰੀ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਹਰਜਿੰਦਰ ਸਿੰਘ ਬੱਗੀ ,ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਅਤੇ ਕੁਲਵੰਤ ਸ਼ਰਮਾ ਨੇ ਕਿਹਾ ਕਿ ਹਾਲੇ ਇਹ ਕਾਨੂੰਨ ਲਾਗੂ ਵੀ ਨਹੀਂ ਹੋਏ ਪਰ ਨਰਮੇ ਦੇ 5725 ਰੁਪਏ ਪ੍ਰਤੀ ਕੁਇੰਟਲ ਸਰਕਾਰੀ ਭਾਅ ਦੇ ਮੁਕਾਬਲੇ ਕੇਂਦਰ ਸਰਕਾਰ ਵੱਲੋਂ ਸਰਕਾਰੀ ਖਰੀਦ ਤੇ ਸਖਤ ਸ਼ਰਤਾਂ ਮੜਨ ਕਾਰਨ ਖਰੀਦ ਇੰਸਪੈਕਟਰ ਸਰਕਾਰੀ ਖਰੀਦ ਦੇ ਮਾਪਦੰਡਾਂ ਤੇ ਖਰਾ ਨਾਂ ਉਤਰਨ ਦੇ ਬਹਾਨੇ ਨਰਮਾ ਖਰੀਦਣ ਤੋਂ ਇਨਕਾਰੀ ਹਨ ਜਿਸ ਕਰਕੇ ਉਸੇ ਨਰਮੇ ਨੂੰ ਘੱਟੋ ਘੱਟ ਸਰਕਾਰੀ ਮੁੱਲ ਤੋਂ 1000 ਰੁਪਏ ਪ੍ਰਤੀ ਕੁਇੰਟਲ ਘੱਟ ਨਾਲ ਲੁੱਟਿਆ ਜਾ ਰਿਹਾ ਹੈ। ਉਨਾਂ ਆਖਿਆ ਕਿ ਇਸੇ ਕਾਰਨ ਹੀ ਮੋਦੀ ਸਰਕਾਰ ਵੱਲੋਂ ਦੇਸ਼ ਭਰ ਦੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਖੇਤੀ ਵਿਰੋਧੀ ਤਿੰਨ ਕਾਨੂੰਨ ਬਣਾਉਣ ਖਿਲਾਫ ਕਿਸਾਨਾਂ ਦਾ ਗੁੱਸਾ ਦਿਨੋ-ਦਿਨ ਵਧ ਰਿਹਾ ਹੈ । ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਇਹ ਕਾਨੂੰਨ ਲਾਗੂ ਹੋਣ ਦੇ ਨਾਲ ਕਣਕ ਅਤੇ ਝੋਨੇ ਦੀ ਖਰੀਦ ਦਾ ਵੀ ਇਹੀ ਹਾਲ ਹੋ ਜਾਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਜਮੀਨਾਂ ਅਤੇ ਖੇਤੀ ਜਾਂ ਦਾਣਾ ਅਤੇ ਸਬਜੀ ਮੰਡੀਆਂ ਨਾਲ ਜੁੜੇ ਮਜਦੂਰਾਂ ਹੋਰ ਕਾਰੋਬਾਰੀਆਂ ਦਾ ਰੁਜਗਾਰ ਖੋਹਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਨੀਤੀ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਜੀਦਾ ਅਤੇ ਲਹਿਰਾਬੇਗਾ ਵਿਖੇ ਟੋਲ ਪਲਾਜਾ ਤੋਂ ਪਰਚੀ ਬੰਦ ਕਰਾਕੇ, ਸੰਗਤ ਅਤੇ ਭੁੱਚੋ ਖੁਰਦ ਵਿਖੇ ਐਸਾਰ ਤੇ ਰਾਮਪੁਰਾ ਵਿਖੇ ਰਿਲਾਇੰਸ ਕੰਪਨੀ ਦੇ ਪਟਰੋਲ ਪੰਪ ਤੇਲ ਦੀ ਵਿਕਰੀ ਬੰਦ ਕਰਕੇ ਅਤੇ ਭੁੱਚੋ ਖੁਰਦ ਵਿਖੇ ਬੈਸਟ ਪਰਾਇਸ ਤੋਂ ਖਰੀਦ ਬੰਦ ਕਰਵਾਕੇ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਕਾਰੋਬਾਰ ਠੱਪ ਕੀਤਾ ਹੋਇਆ ਹੈ। ਬੁਲਾਰਿਆਂ ਨੇ ਮੰਗ ਕੀਤੀ ਹੈ ਖੇਤੀ ਵਿਰੋਧੀ ਇਹ ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ ਤੋਂ 50 ਪਰਸੈਂਟ ਤੋਂ ਉੱਪਰ ਮੁਨਾਫੇ ਤੇ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ,ਸਾਰੇ ਬੇਦੋਸੇ ਗਿ੍ਰਫਤਾਰ ਕੀਤੇ ਲੇਖਕਾਂ,ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ , ਮੋਨਟੇਕ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਰੱਦ ਕੀਤਾ ਜਾਵੇ।
ਅੱਜ ਦੇ ਮੋਰਚੇ ’ਚ ਲੋਕ ਪੱਖੀ ਗੀਤਕਾਰ ਜਗਸੀਰ ਸਿੰਘ ਜੀਦਾ ਅਤੇ ਮੱਖਣ ਸਿੰਘ ਭੁੱਚੋ ਮੰਡੀ ਦੇ ਜੱਥੇ ਨੇ ਗੀਤਾਂ ਅਤੇ ਕਵੀਸ਼ਰੀ ਰਾਹੀਂ ਕਿਸਾਨਾਂ ਮਜਦੂਰਾਂ ਦੇ ਦਰਦ ਅਤੇ ਸਰਕਾਰ ਦੀਆਂ ਨੀਤੀਆਂ ਦੇ ਹੋ ਰਹੇ ਹਮਲੇ ਆਪਣੀ ਕਲਾ ਰਾਹੀਂ ਬਿਆਨ ਕੀਤੇ । ਇਸ ਮੌਕੇ ਬਾਬੂ ਸਿੰਘ ਮੰਡੀ ਖੁਰਦ ਹੁਸਅਿਾਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ਵੀਰਾ ਸਿੰਘ ਗਿੱਦੜ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ ,ਮਾਲਣ ਕੌਰ ਕੋਠਾ ਗੁਰੂ, ਅਮਨਦੀਪ ਕੌਰ ਧੂੜਕੋਟ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਮੁਸਲਿਮ ਸਮਾਜ ਸੁਧਾਰ ਸੁਸਾਇਟੀ ਦੇ ਆਗੂ ਬਾਗ ਅਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਿਸਾਨ ਬਿਨਾਂ ਪ੍ਰਾਪਤੀ ਇਨ੍ਹਾਂ ਥਾਵਾਂ ਤੋਂ ਨਹੀਂ ਹਿੱਲਣਗੇ। ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਮੁਫਤ ਡਾਕਟਰੀ ਕੈਂਪ ਲਾਇਆ ਗਿਆ।