ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2020 - ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਸਾਬਕਾ ਕੌਂਸਲਰ ਇੰਦਰ ਲਾਲ ਦੇ ਪਰਿਵਾਰ ਅਤੇ ਪਾਰਟੀ ਦੇ ਪੂਰਬ ਮੰਡਲ ਦੇ ਸਕੱਤਰ ਰਾਕੇਸ਼ ਕੁਮਾਰ ਰੋਹਿਤ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਰਡ ਨੰਬਰ 18 ਵਿਚ ਹੋਏ ਇਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਵਿਚ ਜੀ ਆਇਆਂ ਨੂੰ ਕਿਹਾ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਕਾਰਨ ਪੰਜਾਬ ਹਿਤੈਸ਼ੀ ਲੋਕ ਭਾਜਪਾ ਵਿਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਾਂਗਰਸ ਵਿਚ ਆਉਣ ਵਾਲੇ ਇੰਨਾਂ ਆਗੂਆਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦੀ ਗੱਲ ਵੀ ਆਖੀ।
ਓਧਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਇੱਥੇ ਸੂਰਯਾਵੰਸ਼ੀ ਅਰੂਟ ਜੀ ਮਹਾਰਾਜ ਦੀ ਯਾਦ ਵਿਚ ਬਣਾਏ ਚੌਕ ਦਾ ਲੋਕਅਰਪਨ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਕਿ ਇਹ ਦਿਨ ਬਠਿੰਡਾ ਸ਼ਹਿਰ ਦੇ ਨਾਲ ਨਾਲ ਸਮੂਚੇ ਅਰੋੜਾ ਭਾਈਚਾਰੇ ਲਈ ਖੁਸ਼ੀ ਦਾ ਦਿਨ ਹੈ ਜੋ ਸ਼ਹਿਰ ਵਿਚ ਸੂਰਯਾਵੰਸ਼ੀ ਸ੍ਰੀ ਅਰੂਟ ਜੀ ਮਹਾਰਾਜ ਦਾ ਚੌਕ ਬਣ ਕੇ ਤਿਆਰ ਹੋਇਆ ਹੈ। ਉਨਾਂ ਇਸ ਚੌਕ ਦਾ ਨਿਰਮਾਣ ਪੂਰਾ ਹੋਣ ਤੇ ਪੂਰੇ ਅਰੋੜਾ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਬਾਦਲ ਨੇ ਕਿਹਾ ਕਿ ਸਾਨੂੰ ਸਾਡੇ ਇਤਿਹਾਸ ਤੋਂ ਬਹੁਤ ਸੇਧ ਮਿਲਦੀ ਹੈ।
ਸੂਰਯਾਵੰਸ਼ੀ ਅਰੂਟ ਜੀ ਮਹਾਰਾਜ ਵਰਗੀਆਂ ਉੱਚ ਸਖ਼ਸੀਅਤਾਂ ਤੋਂ ਸਾਡੀ ਨੌਜਵਾਨ ਪੀੜੀ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਉਨਾਂ ਦੀ ਚੰਗਿਆਈ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ। ਉਨਾਂ ਨੇ ਅਰੋੜਾ ਮਹਾਂਸਭਾ ਚੈਰੀਟੇਬਲ ਸੁਸਾਇਟੀ ਦਾ ਵੀ ਧੰਨਵਾਦ ਕੀਤਾ ਜਿੰਨਾਂ ਦੇ ਸਹਿਯੋਗ ਨਾਲ ਟਰੱਕ ਯੂਨੀਅਨ ਨੇੜੇ ਇਸ ਚੌਕ ਦੇ ਨਿਰਮਾਣ ਦਾ ਸੁਪਨਾ ਪੂਰਾ ਹੋਇਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਵੱਖ ਵੱਖ ਮੁਹਲਿਆਂ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਇਸ ਮੌਕੇ ਉਨਾਂ ਨਾਲ ਅਰੁਣ ਜੀਤ ਮੱਲ , ਕੇ ਕੇ ਅਗਰਵਾਲ, ਅਸ਼ੋਕ ਪ੍ਰਧਾਨ, ਰਾਜਨ ਗਰਗ, ਜਗਰੂਪ ਗਿੱਲ ,ਪਵਨ ਮਾਨੀ ਅਤੇ ਸਤੀਸ਼ ਅਰੋੜਾ ਵੀ ਹਾਜਰ ਸਨ।