ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ 2020-ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਲੱਕ ਤੋੜਨ ਵਾਲੇ ਜੋ ਤਿੰਨ ਬਿੱਲ ਜਾਰੀ ਕੀਤੇ ਗਏ ਹਨ, ਉਨ੍ਹਾਂ ਬਿੱਲਾਂ ਦਾ ਪੂਰੇ ਪੰਜਾਬ ਵਿਚ ਸਖਤ ਵਿਰੋਧ ਹੋ ਰਿਹਾ ਹੈ। ਕਿਧਰੇ ਕਿਸਾਨ ਰੇਲਾਂ ਦੀਆਂ ਪੱਟੜੀਆਂ ’ਤੇ ਰੋਸ ਧਰਨੇ ਲਾਈ ਬੈਠੇ ਹਨ, ਕਿਧਰੇ ਰਿਲਾਇੰਸ ਪੈਟਰੋਲ ਪੰਪਾਂ ਨੂੰ ਘੇਰੀ ਬੈਠੇ ਹਨ ਅਤੇ ਕਿਧਰੇ ਮੁੱਖ ਸੜਕਾਂ ’ਤੇ ਲੱਗੇ ਟੋਲ ਪਲਾਜਿਆਂ ਨੂੰ ਜਾਮ ਕਰੀ ਬੈਠੇ ਹਨ। ਇੰਨ੍ਹਾਂ ਟੋਲ ਪਲਾਜਿਆਂ ’ਤੇ ਕਿਸਾਨਾਂ ਨੇ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਬਹੁਤ ਵੱਡਾ ਕੰਮ ਕੀਤਾ ਹੈ, ਕਿਉਕਿ ਕਿਸਾਨ ਇੰਨ੍ਹਾਂ ਟੋਲ ਪਲਾਜਿਆਂ ਦੇ ਵਿਚਕਾਰ ਦਰੀਆਂ ਵਿਛਾ ਕੇ ਰੋਸ ਧਰਨੇ ’ਤੇ ਬੈਠੇ ਹਨ ਤੇ ਸੜਕ ਦੇ ਦੋਵੇਂ ਪਾਸੀਂ ਵਾਹਨਾਂ ਲਈ ਰਸਤਾ ਖੁੱਲ੍ਹਾ ਰੱਖਿਆ ਗਿਆ ਅਤੇ ਵਾਹਨਾਂ ਵਾਲੇ ਲੋਕ ਬਿਨਾਂ ਪਰਚੀ ਕਟਾਏ ਤੋਂ ਆਪਣੇ ਵਾਹਨਾਂ ਨੂੰ ਅੱਗੇ ਲੰਘਾ ਰਹੇ ਹਨ।
ਜ਼ਿਕਰਯੋਗ ਹੈ ਕਿ ਸੂਬੇ ਅੰਦਰ ਪਹਿਲਾਂ ਨਿੱਤ-ਰੋਜ ਇੰਨ੍ਹਾਂ ਟੋਲ ਪਲਾਜਿਆਂ ’ਤੇ ਲੱਖਾਂ ਰੁਪਏ ਪਰਚੀਆਂ ਦਾ ਇਕੱਠਾ ਕੀਤਾ ਜਾਂਦਾ ਸੀ। ਸੜਕਾਂ ’ਤੇ ਲਾਏ ਗਏ ਇੰਨ੍ਹਾਂ ਟੋਲ ਪਲਾਜਿਆਂ ਬਾਰੇ ਲੋਕਾਂ ਨੇ ਰੌਲਾ ਵੀ ਪਾਇਆ ਸੀ ਕਿ ਇਹ ਨਜਾਇਜ਼ ਹਨ ਤੇ ਸ਼ਰ੍ਹੇਆਮ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ। ਜਿੰਨਾਂ ਲੋਕਾਂ ਨੇ ਚਾਰ-ਪੰਜ ਸੌ ਕਿਲੋਮੀਟਰ ਦਾ ਸਫਰ ਇਕ ਦਿਨ ਵਿੱਚ ਕਰਨਾ ਹੁੰਦਾ ਸੀ, ਉਨ੍ਹਾਂ ਨੂੰ ਘੱਟੋ-ਘੱਟ ਸੱਤ-ਅੱਠ ਸੌ ਰੁਪਏ ਸੜਕਾਂ ’ਤੇ ਲੱਗੇ ਇੰਨ੍ਹਾਂ ਟੋਲ ਪਲਾਜਿਆਂ ਵਾਲਿਆਂ ਨੂੰ ਹੀ ਭਰਨਾ ਪੈਂਦਾ ਸੀ, ਪਰ ਪਿਛਲੇ ਕਈ ਦਿਨਾਂ ਤੋਂ ਲੋਕ ਬਿਨਾਂ ਪਰਚੀ ਕਟਾਏ ਲੰਘ ਰਹੇ ਹਨ ਤੇ ਲੋਕਾਂ ਦੇ ਬਹੁਤ ਸਾਰੇ ਪੈਸੇ ਬਚ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਨੂੰ ਲੋਕ ਬਹੁਤ ਵਧੀਆ ਫ਼ੈਸਲਾ ਦੱਸ ਰਹੇ ਹਨ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਨ੍ਹਾਂ ਟੋਲ ਪਲਾਜਿਆਂ ਨੂੰ ਪੱਕੇ ਤੌਰ ’ਤੇ ਹੀ ਬੰਦ ਕਰਵਾਉਣ ਲਈ ਸਾਰੇ ਪੰਜਾਬ ਦੇ ਲੋਕਾਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਹੋ ਰਹੀ ਲੁੱਟ ਬੰਦ ਹੋ ਸਕੇ।