ਅਸ਼ੋਕ ਵਰਮਾ
ਬਠਿੰਡਾ, 13 ਅਕਤੂਬਰ 2020 - ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਮਾਰੂ ਕਾਨੂੰਨ ਖਿਲਾਫ ਦਿੱਤੇ ਸੱਦੇ ਤਹਿਤ ਅੱਜ ਬਾਰ੍ਹਵੇਂ ਦਿਨ ਵੀ ਬਠਿੰਡਾ ਵਿੱਚ ਸਰਮਾਏਦਾਰਾਂ ਦੇ ਛੇ ਥਾਵਾਂ ਤੇ ਕਾਰੋਬਾਰ ਨੂੰ ਠੱਪ ਰੱਖਿਆ ਗਿਆ ਅਤੇ ਬਣਾਂਵਾਲੀ ਥਰਮਲ ਪਲਾਂਟ ਅੱਗੇ ਮਾਨਸਾ ਨਾਲ ਸਾਂਝਾ ਧਰਨਾ ਜਾਰੀ ਰਿਹਾ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਸੂਬਾ ਕਾਰਜਕਾਰੀ ਸਕੱਤਰ ਹਰਿੰਦਰ ਕੌਰ ਬਿੰਦੂ , ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਹਰਜਿੰਦਰ ਸਿੰਘ ਬੱਗੀ ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਅਤੇ ਕੁਲਵੰਤ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ, ਜਿਸ ਨੂੰ ਲਿਆ ਕੇ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ ਹੈ, ਜਿਸ ਦਾ ਖਾਮਿਆਜਾ ਭਾਰਤੀ ਜੰਤਾ ਪਾਰਟੀ ਨੂੰ ਭੁਗਤਣਾ ਪਵੇਗਾ।
ਕਿਸਾਨਾਂ ਨੇ ਆਖਿਆ ਕਿ ਆਰਡੀਨੈਂਸਾਂ ਨੂੰ ਬਿੱਲ ਦੇ ਰੂਪ ਵਿਚ ਪਾਸ ਕਰਨ ਮਗਰੋਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਹੋ ਜਾਵੇਗੀ, ਮੰਡੀਕਰਨ ਬੋਰਡ ਦਾ ਸਾਰਾ ਸਿਸਟਮ ਤੋੜ ਦਿੱਤਾ ਜਾਵੇਗਾ, ਜਿਸ ਨਾਲ ਅਨਾਜ ਅਤੇ ਸਬਜ਼ੀ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ, ਅਨਾਜ ਅਤੇ ਸਬਜੀਆਂ ਨੂੰ ਮੰਡੀਆਂ ਵਿਚ ਲਿਆਉਣ ਅਤੇ ਲਿਜਾਣ ਵਾਲੇ ਟਰੱਕ, ਟਰੈਕਟਰ ਅਤੇ ਹੋਰ ਛੋਟੀਆਂ ਗੱਡੀਆਂ ਵਾਲਿਆਂ ਦਾ ਰੁਜ਼ਗਾਰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਐਕਟ 2020 ਤਹਿਤ ਸਾਰਾ ਪ੍ਰਬੰਧ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਖੇਤੀ ਲਾਗਤ ਖਰਚੇ ਮੋਟਰਾਂ ਦੇ ਬਿੱਲ ਲੱਗਣ ਕਾਰਨ ਵਧ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਣਾ, ਜਿਸ ਕਾਰਨ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ।
ਬੁਲਾਰਿਆਂ ਨੇ ਸਾਰਾ ਕਰਜਾ ਮੁਆਫ, ਬੁੱਧੀਜੀਵੀਆਂ , ਵਿਦਿਆਰਥੀ ਆਗੂਆਂ, ਸ਼ਾਹੀਨ ਬਾਗ ਦੇ ਸੰਘਰਸ਼ਕਾਰੀਆਂ ਤੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾ ਅਤੇ ਫਸਲਾਂ ਦੇ ਲਾਹੇਵੰਦ ਭਾਅ ਦੇਣ ਦੀ ਮੰਗ ਕੀਤੀ। ਇਸ ਮੌਕੇ ਲੋਕ ਕਲਾ ਮੰਚ ਹਰਕੇਸ਼ ਚੌਧਰੀ ਮੁੱਲਾਂਪੁਰ ਦੀ ਟੀਮ ਨੇ ਉੱਠਣ ਦਾ ਵੇਲਾ ਨਾਟਕ ਖੇਡਿਆ । ਅੱਜ ਦੇ ਧਰਨਿਆਂ ਨੂੰ ਬਾਬੂ ਸਿੰਘ ਮੰਡੀ ਖੁਰਦ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਵੀਰਾ ਸਿੰਘ ਗਿੱਦੜ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆਂ , ਰਾਮ ਸਿੰਘ ਕੋਟ ਗੁਰੂ , ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ,ਮਾਲਣ ਕੌਰ ਕੋਠਾ ਗੁਰੂ, ਅਮਨਦੀਪ ਕੌਰ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਵੀ ਸੰਬੋਧਨ ਕੀਤਾ।