ਅਸ਼ੋਕ ਵਰਮਾ
ਬਠਿੰਡਾ, 14 ਅਕਤੂਬਰ 2020 - ਨਵੇਂ ਖੇਤੀ ਕਾਨੂੰਨਾਂ ਖਿਲਾਫ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅੱਜ ਸੈਂਕੜਿਆਂ ਦੀ ਗਿਣਤੀ ’ਚ ਕਿਸਾਨਾਂ ਨੇ ਸੀਨੀਅਰ ਭਾਜਪਾ ਆਗੂ ਮੱਖਣ ਜਿੰਦਲ ਰਾਮਪੁਰਾ ਦੀ ਕੋਠੀ ਤੇ ਧਾਵਾ ਬੋਲਿਆ ਤੇ ਦੋਵੇਂ ਗੇਟ ਬੰਦ ਕਰਕੇ ਕਰੀਬ ਤਿੰਨ ਘੰਟੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾਈ ਰੱਖਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤੇ ਅੱਜ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਬੱਚਿਆਂ ਨੇ ਅੱਜ ਸਵੇਰ ਤੋਂ ਹੀ ਜਿੰਦਲ ਦੀ ਰਿਹਾਇਸ਼ ਲਾਗੇ ਧਰਨਾ ਸ਼ੁਰੂ ਕਰ ਦਿੱਤਾ ਸੀ। ਲੱਗਭਗ 12 ਵਜੇ ਕਿਸਾਨਾਂ ਦੇ ਵੱਡੇ ਇਕੱਠ ਨੇ ਅਚਾਨਕ ਘੇਰਾਬੰਦੀ ਕਰਕੇ ਕੋਠੀ ਦੇ ਦੋਵੇਂ ਰਸਤੇ ਜਾਮ ਕਰ ਦਿੱਤੇ ਜਿਸ ਦੇ ਸਿੱਟੇ ਵਜੋਂ ਨਾ ਕੋਈ ਬਾਹਰੋਂ ਅੰਦਰ ਜਾ ਸਕਿਆ ਅਤੇ ਨਾ ਹੀ ਅੰਦਰੋਂ ਕਿਸੇ ਨੂੰ ਬਾਹਰ ਨਿੱਕਲਣ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿਸਾਨ ਯੂਨੀਅਨ ਦਾ ਇਹ ਐਕਸ਼ਨ ਦਿੱਲੀ ’ਚ ਹੋ ਰਹੀ ਸਰਕਾਰ ਤੇ ਕਿਸਾਨਾਂ ਵਿਚਕਾਰ ਹੋ ਰਹੀ ਗੱਲਬਾਤ ਦੌਰਾਨ ਕੇਂਦਰੀ ਆਗੂਆਂ ਦਬਾਅ ਪਾਉਣ ਦੀ ਰਣਨੀਤੀ ਦਾ ਹਿੱਸਾ ਹੈ।
ਕਿਸਾਨ ਆਗੂ ਇਹ ਵੀ ਦਰਸਾਉਣ ’ਚ ਸਫਲ ਰਹੇ ਕਿ ਉਹ ਕੇਂਦਰੀ ਕਾਨੂੰਨਾਂ ਖਿਲਾਫ ਸੰਘਰਸ਼ ਨੂੰ ਕਿਸੇ ਹੱਦ ਤੱਕ ਵੀ ਲਿਜਾ ਸਕਦੇ ਹਨ। ਮੋਦੀ ਸਰਕਾਰ ਵੱਲੋਂ ਧਾਰੀ ਚੁੱਪ ਤੋਂ ਬਾਅਦ ਤਾਂ ਨਵੇਂ ਖੇਤੀ ਕਾਨੂੰਨਾਂ ਨੇ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 14ਵਾਂ ਦਿਨ ਹੈ ਅਤੇ ਜੱਥੇਬੰਦੀ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਕਰਨ ਦੇ ਸੱਦੇ ਤੋਂ ਬਾਅਦ ਧਰਨਿਆਂ ’ਚ ਆਮ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ। ਕਿਸਾਨਾਂ ਨੇ ਅੱਜ ਵੀ ਐਲਾਨ ਕੀਤਾ ਹੈ ਕਿ ਕੇਂਦਰ ਦੇ ਨਵੇਂ ਕਾਨੂੰਨਾਂ ਨੂੰ ਪੰਜਾਬ ਦੀ ਧਰਤੀ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨੀ ਅੰਦੋਲਨ ਦੀ ਹਮਾਇਤ ਵਿਚ ਅੱਜ ਪਿੰਡਾਂ ਵਿੱਚੋਂ ਨੌਜਵਾਨ ਅਤੇ ਦੁਕਾਨਦਾਰ ਵੀ ਕੁੱਦ ਪਏ ਹਨ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਅੱਜ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਧਿਰਾਂ ਤੋਂ ਕੋਈ ਝਾਕ ਨਾ ਰੱਖਣ ਅਤੇ ਕਿਸਾਨੀ ਸੰਘਰਸ਼ ਨਾਲ ਜੁੜਨ।
ਓਧਰ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਟੌਲ ਪਲਾਜ਼ਿਆਂ ਦਾ ਘਿਰਾਓ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਧਰਨੇ ਅਤੇ ਬਣਾਂਵਾਲੀ ਦੇ ਪ੍ਰਾਈਵੇਟ ਥਰਮਲ ਅੱਗੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਧਰਨਾਕਾਰੀਆਂ ਵੱਲੋਂ ਟੌਲ ਪਲਾਜ਼ਿਆਂ ’ਤੇ ਸਾਰੇ ਵਾਹਨ ਬਿਨਾਂ ਟੋਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸਾਰ ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪੁਆਇਆ ਜਾ ਰਿਹਾ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਸਕੱਤਰ ਹਰਿੰਦਰ ਕੌਰ ਬਿੰਦੂ , ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਅਤੇ ਕੁਲਵੰਤ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨ ਪੂਰੇ ਸਮਾਜ ਲਈ ਖ਼ਤਰਨਾਕ ਹਨ। ਉਨਾਂ ਕਿਹਾ ਕਿ ਅਸਲ ਵਿੱਚ ਮੋਦੀ ਸਰਕਾਰ ਨੇ ਇਹ ਕਾਨੂੰਨ ਖੇਤੀ ਜਮੀਨ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਪਰੋਸਣ ਲਈ ਬਣਾਏ ਹਨ ਜੋ ਛੋਟੀ ਅਤੇ ਦਰਮਿਆਨੀ ਕਿਸਾਨੀ ਨੂੰ ਪੂਰੀ ਤਰਾਂ ਤਬਾਹ ਕਰ ਦੇਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਐਕਟ ਰਾਹੀਂ ਰਾਜਾਂ ਤੋਂ ਅਧਿਕਾਰ ਖੋਹ ਕੇ ਬਿਜਲੀ ਦਾ ਨਿੱਜੀਕਰਨ ਕਰ ਦਿੱਤਾ ਜਾਏਗਾ ਜੋ ਖੇਤੀ ਮੋਟਰਾਂ ਅਤੇ ਮਜਦੂਰਾਂ ਦੀ 400 ਯੂਨਿਟ ਬਿਜਲੀ ਮੁਆਫੀ ਲਈ ਮਾਰੂ ਸਿੱਧ ਹੋਵੇਗਾ । ਬੁਲਾਰਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਠਿਤ ਆਹਲੂਵਾਲੀਆ ਕਮੇਟੀ ਰਾਹੀਂ ਕਾਲੇ ਖੇਤੀ ਕਾਨੂੰਨਾਂ ਸਮੇਤ ਸਰਕਾਰੀ ਅਦਾਰਿਆਂ ਦੇ ਮੁਕੰਮਲ ਨਿੱਜੀਕਰਨ ਦੀ ਕੀਤੀ ਜਾ ਰਹੀ ਜ਼ੋਰਦਾਰ ਵਕਾਲਤ ਦੀ ਸਖ਼ਤ ਨਿਖੇਧੀ ਕੀਤੀ ਹੈ। ਅੱਜ ਦੇ ਧਰਨਿਆਂ ਨੂੰ ਬਾਬੂ ਸਿੰਘ ਮੰਡੀ ਖੁਰਦ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਵੀਰਾ ਸਿੰਘ ਗਿੱਦੜ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਪਰ ਇਸ ਸਿੰਘ ਸਿਵੀਆ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ,ਮਾਲਣ ਕੌਰ ਕੋਠਾ ਗੁਰੂ, ਅਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਣਮਿੱਥੇ ਸਮੇਂ ਦੇ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ।