ਅਸ਼ੋਕ ਵਰਮਾ
ਮਾਨਸਾ, 14 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲ ਰੋਕੋ ਅੰਦੋਲਨ ਦੌਰਾਨ ਬੁਢਲਾਡਾ ਵਿੱਚ ਰੇਲ ਪਟੜੀ ਤੇ ਦਿੱਤੇ ਧਰਨੇ ਵਿੱਚ ਸ਼ਾਮਲ ਮਾਤਾ ਤੇਜ ਕੌਰ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਡੀ.ਸੀ. ਦਫਤਰ ਮਾਨਸਾ ਦਾ ਘਿਰਾਓ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ। ਓਧਰ ਕਿਸਾਨਾਂ ਵੱਲੋਂ ਬੋਲੇ ਹੱਲੇ ਕਾਰਨ ਡਿਪਟੀ ਕਮਿਸ਼ਨਰ ਮਾਨਸਾ ਨੇ ਦਫਤਰ ਆਉਣਾ ਬੰਦ ਕੀਤਾ ਹੋਇਆ ਹੈ।ਵੱਡੀ ਗੱਲ ਹੈ ਕਿ ਸੰਘਰਸ਼ ’ਚ ਕਿਸਾਨਾਂ ਦੀ ਗਿਣਤੀ ਹੋਰ ਰੋਜ ਵਧ ਰਹੀ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮੰਗ ਨਹੀਂ ਮੰਨੀ ਜਾਂਦੀ ਤਾਂ ਡੀ.ਸੀ. ਦਫਤਰ ਦਾ ਕੀਤਾ ਘਿਰਾਓ ਦਿਨ-ਰਾਤ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਢੀਠ ਬਣ ਗਏ ਹਨ ਅਤੇ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਨੂੰ ਮੰਨਣ ਲਈ ਕੋਈ ਵੀ ਹੀਲਾ-ਵਸੀਲਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਚਲਦੇ ਅੰਦੋਲਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਕਾਂਗਰਸ ਪਾਰਟੀ ਦੇ ਲੀਡਰ ਹਰ ਰੋਜ ਨਵੇਂ-ਨਵੇਂ ਬਿਆਨ ਦਾਗ ਰਹੇ ਹਨ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਅਮਲ ਵਿੱਚ ਤਸਵੀਰ ਕੁੱਝ ਹੋਰ ਤਰ੍ਹਾਂ ਦੀ ਦਿਖ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਮਸਲੇ ਦੇ ਹੱਲ ਲਈ ਫੌਰੀ ਤੌਰ ਤੇ ਕਦਮ ਚੁੱਕੇ ਨਹੀਂ ਤਾਂ ਸੰਘਰਸ਼ ਤਿੱਖਾ ਕੀਤਾ ਜਾਏਗਾ।
ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ ਸਮੇਂ ਇੱਕ ਮਾਤਾ ਦੀ ਜਾਨ ਚਲੀ ਗਈ ਹੈ ਪਰ ਕੈਪਟਨ ਹਕੂਮਤ ਉਸ ਦੇ ਪਰਿਵਾਰ ਨੂੰ ਆਰਥਕ ਸਹਾਇਤਾ ਦੇਣ ਤੋਂ ਵੀ ਭੱਜ ਰਹੀ ਹੈ ਜਿਸ ਨੂੰ ਬਰਦਾਸ਼ਤ ਕਰਨਾ ਔਖਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਵਿੱਚ ਖੁਦ ਦਖਲ ਦੇ ਕੇ ਹੱਲ ਕਰਵਾਉਣ । ਇਸੇ ਦੌਰਾਨ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜਥੇਬੰਦੀ ਦੇ ਅੰਦੋਲਨ ਤਹਿਤ ਮਾਨਸਾ ਕੈਂਚੀਆਂ, ਬਰੇਟਾ, ਸਰਦੂਲਗੜ ਤੇਲ ਪੰਪਾਂ ਦਾ ਘਿਰਾਓ ਬਣਾਂਵਾਲੀ ਥਰਮਲ ਪਲਾਂਟ ਅੱਗੇ ਧਰਨਾ ਅਤੇ ਬੁਢਲਾਡਾ ਵਿੱਚ ਬੀ.ਜੇ.ਪੀ. ਦੇ ਇੱਕ ਆਗੂ ਦੇ ਘਰ ਅੱਗੇ ਧਰਨਾ ਜਾਰੀ ਹੈ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀਬਾਘਾ, ਜਰਨੈਲ ਸਿੰਘ ਟਾਹਲੀਆਂ ਨੇ ਵੀ ਸੰਬੋਧਨ ਕੀਤਾ।