ਅਸ਼ੋਕ ਵਰਮਾ
ਬਠਿੰਡਾ, 15 ਅਕਤੂਬਰ 2020 - ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੰਜਾਬ ਦੇ ਦੁੱਖਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਅਤੇ ਭਾਜਪਾ ਨੂੰ ਦੁੱਧ ਧੋਤੀ ਦੱਸਿਆ। ਉਨਾਂ ਟੇਢੇ ਢੰਗ ਨਾਲ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੂੰ ਵੀ ਲਪੇਟੇ ’ਚ ਲਿਆ। ਉਨ੍ਹਾਂ ਪੰਜਾਬ ਨੂੰ ਸੂਰਮਿਆਂ ਦੀ ਧਰਤੀ ਕਹਿਕੇ ਵੀ ਵਡਿਆਇਆ ਅਤੇ ਸੂਬਾ ਪ੍ਰਧਾਨ 'ਤੇ ਹੋਇਆ ਹਮਲਾ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਕਰਾਰ ਦਿੱਤਾ। ਅੱਜ ਇੱਕ ਵਰਚੂਅਲ ਪ੍ਰੈਸ ਕਾਨਫਰੰਸ ਰਾਹੀਂ ਬਠਿੰਡਾ ਦੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਗੋਲਮੋਲ ਜਵਾਬ ਦਿੱਤੇ ਪਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੋਦੀ ਸਰਕਾਰ ਦੀਆਂ ਸਿਫਤਾਂ ਦੇ ਪੁਲ ਬੰਨੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਤਮ ਨਿਰਭਰ ਭਾਰਤ ਲਈ ਕੀਤੀ ਮੀਟਿੰਗ ’ਚ ਹਰਸਿਮਰਤ ਕੌਰ ਬਾਦਲ ਹਾਜਰ ਸਨ ਜਿਸ ਕਰਕੇ ਉਨਾਂ ਨੂੰ ਖੇਤੀ ਆਰਡੀਨੈਂਸਾਂ ਬਾਰੇ ਬਾਰੇ ਜਾਣਕਾਰੀ ਸੀ।
ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਣ ਦੇ ਦਾਅਵਿਆਂ ਦੌਰਾਨ ਭਾਜਪਾ ਦੀਆਂ ਠੱਪ ਪਈਆਂ ਸਰਗਰਮੀਆਂ ਅਤੇ ਪੰਜਾਬ ਦੇ ਕਿਸਾਨਾਂ ’ਚ ਫੈਲੀ ਅਸ਼ਾਂਤੀ ਸਬੰਧੀ ਸਵਾਲ ਦਾ ਵੀ ਉਨ੍ਹਾਂ ਢੁੱਕਵਾਂ ਜਵਾਬ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਆਪਣੇ ਪ੍ਰਧਾਨ ਤੇ ਹਮਲੇ ਦੀ ਪ੍ਰਵਾਹ ਕੀਤਿਆਂ ਅੱਜ ਭਾਜਪਾ ਵਰਕਰ ਔਖੇ ਹਾਲਾਤਾਂ ਦੇ ਬਾਵਜੂਦ ਕਾਂਗਰਸ ਦੇ ਕੁਸ਼ਾਸ਼ਨ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਪੰਜਾਹ ਸਾਲਾਂ ’ਚ ਕਾਂਗਰਸ ਨੇ ਕਿਸਾਨਾਂ ਦੇ ਨਾਮ ਹੇਠ ਰਾਜਨਂਤੀ ਕੀਤੀ ਹੈ ਜਦੋਂਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਇਸ ਮੌਕੇ ਕਾਂਗਰਸ ਸਰਕਾਰ ਅਤੇ ਕੇਂਦਰੀ ਸਰਕਾਰ ਦੇ ਖੇਤੀ ਬਜਟ ਸਬੰਧੀ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਨੇ ਆਖਰੀ ਬਜਟ ’ਚ ਖੇਤੀ ਲਈ 21 ਹਜ਼ਾਰ ਕਰੋੜ ਰੁਪਿਆ ਰੱਖਿਆ ਸੀ ਪਰ ਮੋਦੀ ਸਰਕਾਰ ਦਾ ਇਹ ਅੰਕੜਾ 1 ਲੱਖ 34 ਹਜਾਰ ਕਰੋੜ ਰੁਪਿਆ ਸੀ।
ਉਨ੍ਹਾਂ ਐਮਐਸਪੀ ਨੂੰ ਲੈਕੇ ਕਾਂਗਰਸ ਤੇ ਗੁੰਮਰਾਹ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਆਖਿਆ ਕਿ ਕਿਸਾਨ ਮੁਲਕ ’ਚ ਆਪਣੀਆਂ ਫਸਲਾਂ ਕਿਤੇ ਵੀ ਵੇਚ ਸਕਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਕਾਂਗਰਸ ਨੂੰ ਪਤਾ ਲੱਗਿਆ ਕਿ ਫਸਲਾਂ ਦੀ ਤਿੰਨ ਦਿਨਾਂ ’ਚ ਅਦਇਗੀ ਕਰਨੀ ਪੈਣੀ ਹੈ ਤਾਂ ਕਾਂਗਰਸ ਨੂੰ ਹਜਮ ਨਹੀਂ ਹੋਇਆ ਅਤੇ ਉਹ ਬਿੱਲ ਦੇ ਵਿਰੋਧ ’ਚ ਖੜੀ ਹੋ ਗਈ। ਉਨ੍ਹਾਂ ਕਿਹਾ ਕਿ ਬਿੱਲ ’ਚ ਇਹ ਜਾਣਕਾਰੀ ਮਿਲੀ ਕਿ ਕਿਸਾਨ ਦੀ ਜ਼ਮੀਨ ਵੇਚੀ ਜਾਂ ਗਿਰਵੀ ਰੱਖੀ ਨਹੀਂ ਜਾ ਸਕਦੀ ਅਤੇ ਨਾ ਹੀ ਕੋਈ ਕਿਸਾਨ ਦੀ ਜ਼ਮੀਨ ਨੂੰ ਹੱਥ ਲਾ ਸਕਦਾ ਹੈ ਤਾਂ ਇੱਥੇ ਵੀ ਕਾਂਗਰਸ ਨੂੰ ਸਮੱਸਿਆ ਸੀ ਕਿਉਂਕਿ ਕੌਮੀ ਦਾਮਾਦ ਨਹੀਂ ਚਾਹੇਗਾ ਕਿ ਕਿਸਾਨਾਂ ਦੀ ਜ਼ਮੀਨ ਦੀ ਰੱਖਿਆ ਕੀਤੀ ਜਾਏ। ਉਨ੍ਹਾਂ ਆਖਿਆ ਕਿ ਰਾਜ ਸਭਾ ’ਚ ਵੀ ਕਾਂਗਰਸ ਨੇ ਲੋਕਾਂ ਨੂੰ ਡਿਪਟੀ ਚੇਅਰਮੈਨ ਉੱਤੇ ਹਮਲਾ ਕਰਨ ਲਈ ਉਕਸਾਇਆ।
ਉਨ੍ਹਾਂ ਆਖਿਆ ਕਿ ਜਦੋਂ ਬਿੱਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਾਂਗਰਸ ਪ੍ਰਧਾਨ ਅਤੇ ਅਮੇਠੀ ਤੋਂ ਸਾਬਕਾ ਸੰਸਦ ਮੈਂਬਰ ਲੋਕ ਸਭਾ ਚੋਂ ਗਾਇਬ ਸਨ। ਉਨ੍ਹਾਂ ਕਿਹਾ ਕਿ ਰਾਜ ਸਭਾ ’ਚ ਬਿੱਲਾਂ ਨੂੰ ਭਰਵੀ ਹਮਾਇਤ ਮਿਲਣ ਤੇ ਆਪਣੀ ਕਮਜੋਰੀ ਨੂੰ ਛੁਪਾਉਣ ਲਈ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੇ ਉਪ ਰਾਸ਼ਟਰਪਤੀ ਦੀ ਚੇਅਰ ਤੇ ਹਮਲਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਭਾਰਤ ਦਾ ਕੋਈ ਵੀ ਨਾਗਰਿਕ ਕਾਂਗਰਸ ਦੇ ਕੁਸ਼ਾਸ਼ਨ ਹੇਠ ਹੋਏ ਭਾਜਪਾ ਦੇ ਸੂਬਾ ਪ੍ਰਧਾਨ ‘ਤੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੂਬਾ ਮੀਤ ਪ੍ਰਧਾਨ ਦਿਆਲ ਸੋਢੀ,ਵਿਨੋਦ ਗੁਪਤਾ, ਸਟੇਟ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਸੂਬਾ ਸਕੱਤਰ ਸੁਨੀਤਾ ਗਰਗ,ਅਸ਼ੋਕ ਭਾਰਤੀ, ਅਸ਼ੋਕ ਬਾਲਿਆਂ ਵਾਲੀ, ਉਮੇਸ਼ ਸ਼ਰਮਾ, ਆਸ਼ੂਤੋਸ਼,ਗੁਰਜੀਤ ਮਾਨ,ਗੁਰਵਿੰਦਰ ਕੌਰ ਮਾਂਗਟ ਅਤੇ ਵਿਕਰਮ ਲੱਕੀ ਹਾਜਰ ਸਨ।