ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ 2020 - ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਪਿੰਡ ਅਕਾਲਗੜ੍ਹ ਦੇ ਲੋਕਾਂ ਨੇ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਹੈ। ਪਿੰਡ ਦੇ ਗਰਾਊਂਡ ਵਿਖੇ ਇਕੱਤਰ ਹੋਏ ਲੋਕਾਂ, ਜਿੰਨ੍ਹਾਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ, ਦੌਰਾਨ ਕਿਸਾਨਾਂ ਨੇ ਨੰਗੇ ਧੜ ਹੋ ਕੇ ਪ੍ਰਦਰਸ਼ਨ ਕੀਤਾ, ਜਦੋਂਕਿ ਔਰਤਾਂ ਨੇ ਵੈਣ ਪਾ ਕੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ।
ਇਸ ਸਮੇਂ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਗੋਗੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਿੱਲਾਂ ਨਾਲ ਹਰ ਵਰਗ ਨੂੰ ਨੁਕਸਾਨ ਹੋਵੇਗਾ, ਜਿਸ ਕਰਕੇ ਜਿੱਥੇ ਸੂਬੇ ਭਰ ਅੰਦਰ ਪ੍ਰਦਰਸ਼ਨ ਹੋ ਰਹੇ ਹਨ, ਉਥੇ ਹੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅੱਜ ਇਹ ਪ੍ਰਦਰਸ਼ਨ ਕੀਤਾ ਹੈ।
ਇਸ ਤੋਂ ਇਲਾਵਾ ਕਿਸਾਨ ਆਗੂ ਹਰਫ਼ੂਲ ਸਿੰਘ ਅਕਾਲਗੜ੍ਹ, ਹਰਚਰਨ ਸਿੰਘ ਅਕਾਲਗੜ੍ਹ, ਹਰਚੇਤ ਸਿੰਘ, ਨਿਰਵੈਰ ਸਿੰਘ ਫ਼ੱਤਣਵਾਲਾ, ਨਿੱਕਾ ਭੱਟੀ, ਹਰਭਜਨ ਸਿੰਘ, ਚਰਨਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੰਦਰ ਸਿੰਘ, ਹਰਵਿੰਦਰ ਸਿੰਘ, ਸ਼ੰਮੀ, ਮਨਦੀਪ ਸਿੰਘ, ਹਰਜੀਤ ਕੌਰ, ਕੁਲਵਿੰਦਰ ਕੌਰ, ਹਰਵਿੰਦਰ ਕੌਰ, ਕੁਲਦੀਪ ਕੌਰ, ਸੁਖਪਾਲ ਕੌਰ ਤੇ ਹੋਰ ਮੌਜ਼ੂਦ ਸਨ। ਇਸੇ ਦੌਰਾਨ ਹੀ ਪਿੰਡ ਸੱਕਾਂਵਾਲੀ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਇਹ ਬਿੱਲ ਵਾਪਸ ਲਏ ਜਾਣ।