ਮੁਕਤਸਰ ਦੇ ਪਿੰਡ ਭਾਗਸਰ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦਾ ਕੀਤਾ ਖੁੱਲ੍ਹਾ ਐਲਾਨ, ਪੜ੍ਹੋ ਪੂਰੀ ਖ਼ਬਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ 2020-ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਤੇ ਸਰਕਾਰਾਂ ਆਹਮੋ ਸਾਹਮਣੇ ਹੋ ਗਏ ਹਨ। ਸਰਕਾਰ ਵੱਲੋਂ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਕਈ ਕਾਰਨਾਂ ਕਰਕੇ ਸਤਾਏ ਕਿਸਾਨਾਂ ਨੇ ਹੁਣ ਸਰਕਾਰ ਦੀਆਂ ਅਪੀਲਾਂ ਨੂੰ ਠੁਕਰਾਉਂਦਿਆਂ ਪਰਾਲੀ ਨੂੰ ਅੱਗ ਲਗਾਉਣ ਦੇ ਖੁੱਲ੍ਹੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਾਗਸਰ ਵਿਖੇ ਅੱਜ ਵੇਖਣ ਨੂੰ ਮਿਲਿਆ, ਜਿੱਥੇ ਇੱਕ ਸਾਂਝੀ ਜਗ੍ਹਾ ’ਤੇ ਇਕੱਠੇ ਹੋਏ ਕਿਸਾਨਾਂ ਨੇ ਅਚਾਨਕ ਇਹ ਐਲਾਨ ਕਰ ਦਿੱਤਾ ਕਿ ਉਹ 19 ਅਕਤੂਬਰ ਤੋਂ ਦੁਪਹਿਰ 2 ਵਜੇ ਆਪਣੇ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਹਵਾਲੇ ਕਰਨਗੇ ਤੇ ਸਰਕਾਰਾਂ ਦੀ ਘੁਰਕੀ ਤੋਂ ਜਰ੍ਹਾ ਵੀ ਨਹੀਂ ਡਰਨਗੇ। ਪਿੰਡ ਦੀ ਬਾਮੂ ਕੀ ਪੱਤੀ ਧਰਮਸ਼ਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈੇ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਨਹੀਂ ਚੱਲ ਰਹੀ ਤੇ ਸਿਰਫ ਕਿਸਾਨਾਂ ’ਤੇ ਹੀ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਨਰਮੇ ਦੀ ਖਰੀਦ ਸਰਕਾਰੀ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ ਅਤੇ ਝੋਨੇ ਤੇ ਵੀ ਆੜ੍ਹਤੀਆਂ ਵੱਲੋਂ ਕੱਟ ਲਾਇਆ ਜਾ ਰਿਹਾ ਹੈ, ਪਰ ਜਥੇਬੰਦੀ ਅਜਿਹਾ ਹੋਣ ਨਹੀਂ ਦੇਵੇਗੀ। ਕਿਸਾਨਾਂ ਨੇ ਖੁੱਲ੍ਹਾ ਐਲਾਨ ਕੀਤਾ ਕਿ ਉਹ 19 ਅਕਤੂਬਰ ਤੋਂ ਦੁਪਹਿਰ 2 ਵਜੇ ਤੋਂ ਖੇਤਾਂ ਅੰਦਰ ਪਰਾਲੀ ਨੂੰ ਅੱਗ ਲਗਾਉਣਗੇ ਤੇ ਸਰਕਾਰ ਦੀ ਕਿਸੇ ਵੀ ਕਾਰਵਾਈ ਜਾਂ ਦਬਾਅ ਨੂੰ ਨਹੀਂ ਮੰਨਣਗੇ। ਇਸ ਮੌਕੇ ਯੂਨੀਅਨ ਦੇ ਆਗੂ ਗੁਰਾਦਿੱਤਾ ਸਿੰਘ, ਕਾਮਰੇਡ ਜਗਦੇਵ ਸਿੰਘ , ਹਰਫੂਲ ਸਿੰਘ , ਨਰ ਸਿੰਘ ਅਕਾਲੀ , ਮਾਹਲਾ ਸਿੰਘ , ਮੋਦਨ ਸਿੰਘ , ਅਜਾਇਬ ਸਿੰਘ , ਗੁਰਮੇਲ ਸਿੰਘ ਗਿੱਲ, ਗੁਰਦੀਪ ਗਿੱਲ , ਸੁਖਮੰਦਰ ਸਿੰਘ , ਸਵਿਰਾਜ ਗਿੱਲ , ਗੁਰਜੰਟ ਬਰਾੜ , ਪਿਆਰਾ ਸਿੰਘ ਗੁਰਲਾਲ ਸਿੰਘ , ਅੰਮਿ੍ਰਤਪਾਲ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
ਖੇਤੀ ਕਾਨੂੰਨਾਂ ਦਾ ਰੋਸ ਵੀ ਮੰਨਿਆ ਜਾ ਰਿਹੈ ਇੱਕ ਕਾਰਨ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਚੱਲਦਿਆਂ ਸੂਬੇ ਭਰ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਝੋਨੇ ਦੀ ਕਟਾਈ ਦਾ ਸੀਜ਼ਨ ਹੈ ਤੇ ਖੇਤਾਂ ’ਚ ਬਚੀ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸਰਕਾਰ ਤੇ ਕਿਸਾਨ ਫ਼ਿਰ ਆਹਮੋ ਸਾਹਮਣੇ ਹਨ। ਕਿਸਾਨਾਂ ਦਾ ਤਰਕ ਹੈ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਉਹ ਕਿਸਾਨਾਂ ਨੂੰ ਬੋਨਸ ਦੇਵੇ, ਕਿਉਂਕਿ ਉਨ੍ਹਾਂ ਕੋਲ ਬਜਾਏ ਅੱਗ ਲਗਾਉਣ ਦੇ ਹੋਰ ਕੋਈ ਚਾਰਾ ਹੀ ਨਹੀਂ ਹੈ, ਦੂਜੇ ਪਾਸੇ ਸਰਕਾਰ ਵਾਤਾਵਰਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕਰ ਰਹੀ ਹੈ। ਇਹ ਸਿਲਸਿਲਾ ਹਰ ਸਾਲ ਚੱਲਦਾ ਹੈ, ਹਰ ਸਾਲ ਕਿਸਾਨਾਂ ’ਤੇ ਮਾਮਲੇ ਦਰਜ ਹੁੰਦੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਹਰ ਪ੍ਰਦਰਸ਼ਨ ਦੌਰਾਨ ਪਰਾਲੀ ਅੱਗ ਦੇ ਮਸਲੇ ਉਜਾਗਰ ਕੀਤੇ ਜਾਂਦੇ ਹਨ, ਪਰ ਪਰਾਲੀ ਪ੍ਰਬੰਧਨ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਨੂੰ ਵਿਚਾਰ ਨਾ ਮਿਲਣ ਕਰਕੇ ਇਹ ਮਸਲਾ ਹਰ ਸਾਲ ਨਵਾਂ ਰੂਪ ਲੈਂਦਾ ਹੈ। ਹਾਲੀਆਂ ’ਚ ਪਾਸ ਹੋਏ ਖੇਤੀ ਕਾਨੂੰਨਾਂ ਦਾ ਰੋਸਾ ਵੀ ਇਸ ਮਸਲੇ ਦਾ ਇੱਕ ਕਾਰਨ ਮੰਨਿਆ ਜਾ ਸਕਦਾ ਹੈ।