ਨਿਰਵੈਰ ਸਿੰਘ ਸਿੰਧੀ
ਮਮਦੋਟ, 18 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਜਬਰੀ ਠੋਸੇ ਜਾ ਰਹੇ ਕਿਸਾਨ ਵਿਰੋਧੀ ਐਕਟ ਦੇ ਵਿਰੋਧ ਵਿੱਚ ਰੇਲਵੇ ਲਾਈਨਾਂ ਅਤੇ ਸੜਕਾਂ ਤੇ ਪਿਛਲੇ ਕਰੀਬ 16-17 ਦਿਨ ਤੋਂ ਧਰਨੇ ਲਗਾਈ ਬੈਠੇ ਕਿਸਾਨ ਯੂਨੀਅਨਾਂ ਦੇ ਆਗੂਆਂ ਅਤੇ ਕਿਸਾਨਾਂ ਦੇ ਖ਼ਿਲਾਫ਼ ਇੱਕ ਔਰਤ ਵੱਲੋਂ ਸ਼ੋਸ਼ਲ ਮੀਡੀਆ ਉਪਰ ਇਕ ਵੀਡੀਓ ਅੱਪਲੋਡ ਕੀਤੀ ਗਈ ਹੈ ਜਿਸ ਵਿਚ ਉਕਤ ਔਰਤ ਵੱਲੋਂ ਧਰਨਿਆਂ ਤੇ ਬੈਠੇ ਕਿਸਾਨਾਂ ਅਤੇ ਕਿਸਾਨ ਯੁਨੀਅਨਾਂ ਦੇ ਆਗੂਆਂ ਖਿਲਾਫ ਭੱਦੀ ਸ਼ਬਦਾਵਲੀ ਅਤੇ ਗਾਲੀ ਗਲੋਚ ਕੀਤਾ ਗਿਆ ਹੈ ਜਿਸ ਕਾਰਨ ਕਿਸਾਨ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਿਸਦਾ ਕਿਸਾਨ ਯੂਨੀਅਨਾਂ ਵਲੋਂ ਸਖਤ ਨੋਟਿਸ ਲੈਂਦਿਆਂ ਉਕਤ ਔਰਤ ਖਿਲਾਫ ਪੁਲਿਸ ਥਾਣਾ ਮਮਦੋਟ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਅਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਖ਼ਿਲਾਫ਼ ਇੱਕ ਔਰਤ ਵੱਲੋਂ ਬੋਲੀ ਗਈ ਅਜਿਹੀ ਭੱਦੀ ਸ਼ਬਦਾਵਲੀ ਅਤੇ ਗਾਲੀ ਗਲੋਚ ਕਰਨ ਕਰਕੇ ਸਮੁੱਚੇ ਦੇਸ਼ ਦੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ।
ਆਪਣੇ ਤੌਰ 'ਤੇ ਕੀਤੀ ਪੜਤਾਲ ਦਾ ਹਵਾਲਾ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਉਕਤ ਔਰਤ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਲਾਲਚੀਆਂ ਦੀ ਦੱਸੀ ਜਾ ਰਹੀ ਹੈ ਤੇ ਉਸ ਔਰਤ ਵੱਲੋਂ ਬਿਨਾਂ ਕਿਸੇ ਕਾਰਨ ਕਿਸਾਨਾਂ ਦੇ ਖਿਲਾਫ਼ ਬੜੀ ਭੱਦੀ ਸ਼ਬਦਾਵਲੀ ਅਤੇ ਗਾਲੀ ਗਲੋਚ ਦੀ ਵੀਡੀਓ ਬਣਾ ਕੇ ਜਾਣ ਬੁੱਝ ਕੇ ਸ਼ੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਗਈ ਹੈ। ਪੁਲਿਸ ਥਾਣਾ ਮਮਦੋਟ ਵਿਖੇ ਕਿਸਾਨ ਆਗੂਆਂ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਸਬੰਧ ਵਿੱਚ ਪੁੱਛੇ ਜਾਣ ਤੇ ਥਾਣਾ ਮੁਖੀ ਅਭਿਨਵ ਚੌਹਾਨ ਨੇ ਦੱਸਿਆ ਕਿ ਕਿਸਾਨ ਆਗੂਆਂ ਦੇ ਖ਼ਿਲਾਫ਼ ਇੱਕ ਔਰਤ ਵੱਲੋਂ ਸ਼ੋਸ਼ਲ ਮੀਡੀਆ ਉਪਰ ਕੀਤੀ ਗਈ ਗਾਲੀ ਗਲੋਚ ਸਬੰਧੀ ਉਨ੍ਹਾਂ ਪਾਸ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਕਤ ਔਰਤ ਖਿਲਾਫ ਕਾਰਵਾਈ ਵਾਸਤੇ ਮੰਗ ਪੱਤਰ ਸੌਂਪਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜੋ ਵੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਕਿਸਾਨ ਆਗੂਆਂ ਦੇ ਨਾਲ ਗੁਰਮੀਤ ਸਿੰਘ ਪੋਜੋ ਕੇ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਮਹਿੰਦਰ ਸਿੰਘ ਵਧਾਵਨ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਤਜਿੰਦਰ ਸਿੰਘ ਬੱਬੂ ਸੀਨੀਅਰ ਆਗੂ ਭਾਰਤੀ ਕਿਸਾਨ ਯੂਨੀਅਨ ਡਕੌੰਦਾ ਵੀ ਸਨ।