- ਕਿਸਾਨ ਲਈ ਅਦਾਲਤਾਂ ਦੇ ਬੂਹੇ ਖੋਲਣੇ ਬਹੁਤ ਵੱਡਾ ਫੈਸਲਾ: ਬੀ ਕੇ ਯੂ
ਚੰਡੀਗੜ੍ਹ, 20 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਭੁਪਿੰਦਰ ਸਿੰਘ ਮਾਨ ਸਾਬਕਾ ਐਮ ਪੀ ਅਤੇ ਬੀ ਕੇ ਯੂ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਅੱਜ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀਬਾੜੀ ਸਬੰਧੀ ਬਿੱਲਾਂ ਦੇ ਖਿਲਾਫ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਤਿੰਨਾਂ ਬਿੱਲਾਂ ਦਾ ਸਵਾਗਤ ਕੀਤਾ ਹੈ। ਆਪਣੇ ਬਿਆਨ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਖੜ੍ਹ ਕੇ ਕਿਸਾਨਾਂ ਦੇ ਅੰਦਰ ਆਸ ਦੀ ਕਿਰਨ ਜਗਾਈ ਹੈ।
ਮਾਨ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਖੇਤੀ ਕਾਨੂੰਨਾਂ ਵਿੱਚ ਇਹੀ ਸੁਧਾਰ ਕਰਨ ਦੇ ਸੁਝਾਅ ਦਿੱਤੇ ਸਨ। ਪਰ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਗੱਲ ਨਾ ਸੁਣ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨੀ ਲਈ ਲਿਆਂਦੇ ਇਹਨਾਂ ਤਿੰਨੇ ਬਿੱਲਾਂ ਦਾ ਹਰ ਇੱਕ ਕਿਸਾਨ ਸੁਆਗਤ ਕਰਦਾ ਹੈ ਅਤੇ ਇਸ ਸਮੇਂ ਕਿਸਾਨਾਂ ਨਾਲ ਖੜ੍ਹਨ ਲਈ ਕੁਰਸੀ ਦੀ ਪਰਵਾਹ ਨਾ ਕਰਦਿਆਂ ਸਰਕਾਰ ਦੀ ਬਰਖਾਸਤਗੀ ਮੰਜੂਰ ਕਰਨ ਵਾਲੇ ਬਿਆਨ ਦੀ ਸ਼ਲਾਘਾ ਕਰਦਾ ਹੈ।
ਪੰਜਾਬ ਸਰਕਾਰ ਦੁਆਰਾ ਲਿਆਂਦੇ ਬਿੱਲਾਂ ਵਿਚ ਐਮ ਐੱਸ ਪੀ ਤੋਂ ਘੱਟ ਰੇਟ ਤੇ ਫ਼ਸਲ ਖਰੀਦਣ ਵਾਲੇ ਲਈ ਤਿੰਨ ਸਾਲ ਦੀ ਸਜ਼ਾ ਅਤੇ ਵਿਵਾਦ ਦੇ ਹੱਲ ਲਈ ਕਿਸਾਨ ਨੂੰ ਅਦਾਲਤ ਦਾ ਦਰਵਾਜ਼ਾ ਖੜਕਾ ਸਕਣ ਦੇ ਅਧਿਕਾਰ ਨਾਲ ਕਿਸਾਨ ਸੁਰੱਖਿਅਤ ਮਹਿਸੂਸ ਕਰੇਗਾ। ਕਿਉਂਕਿ ਇਸ ਤੋਂ ਪਹਿਲਾਂ ਕਿਸਾਨ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੁੱਧ ਲਾਚਾਰ ਮਹਿਸੂਸ ਕਰਦਾ ਸੀ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਕਿਸਾਨ ਬਿਜਲੀ ਬਿੱਲ ਵਿਰੁੱਧ ਮਤਾ ਪਾ ਕੇ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਦੀ ਲੜ੍ਹਾਈ ਵਿਚ ਆਪਣਾ ਯੋਗਦਾਨ ਪਾਇਆ ਹੈ ਜਿਸ ਬਾਰੇ ਸਰਕਾਰ ਵਧਾਈ ਦੀ ਪਾਤਰ ਹੈ।
ਅਸੀਂ ਆਸ ਕਰਦੇ ਹਾਂ ਕਿ ਕੇਂਦਰ ਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਜੀ ਹਜ਼ੂਰੀ ਦੇ ਵਿਰੁੱਧ ਪੰਜਾਬ ਸਰਕਾਰ ਇਸੇ ਤਰਾਂ ਕਿਸਾਨਾਂ ਦੇ ਹੱਕ ਵਿੱਚ ਸਦਾ ਖੜ੍ਹੀ ਰਹੇਗੀ। ਕਿਉਂਕਿ ਜਿਸ ਤਰਾਂ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨਾਂ ਦੀ ਲੜ੍ਹਾਈ ਲਈ ਸਰਕਾਰ ਦੀ ਬਰਖਾਸਤਗੀ ਦੀ ਵੀ ਪਰਵਾਹ ਨਾ ਕਰਦਿਆਂ ਆਪਣੀ ਗੱਲ ਕਹੀ ਹੈ ਉਸ ਤੋਂ ਸੂਬਾ ਸਰਕਾਰ ਦੀ ਕਿਸਾਨਾਂ ਪ੍ਰਤੀ ਸੋਚ ਜ਼ਾਹਰ ਹੁੰਦੀ ਹੈ