ਅਸ਼ੋਕ ਵਰਮਾ
ਬਠਿੰਡਾ, 20 ਅਕਤੂਬਰ 2020 - ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਘੇਰਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੀ ਪਹਿਲ ਕਦਮੀ ‘ਤੇ ਲੰਬੀ ਅਤੇ ਡੱਬਵਾਲੀ ਇਲਾਕੇ ਦੀਆਂ ਪੇਂਡੂ ਤੇ ਸ਼ਹਿਰੀ ਖੇਤਰ ਦੀਆਂ 15 ਜਥੇਬੰਦੀਆਂ ਨੇ ਮੰਡੀ ਕਿੱਲਿਆਂ ਵਾਲੀ ਵਿਖੇ ਦੇਵੀ ਲਾਲ ਪਾਰਕ ‘ਚ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਸਾਂਝੀ ਮੀਟਿੰਗ ਕਰਕੇ ਕਿਸਾਨ ਘੋਲ ਦੇ ਸਮਰਥਨ ਵਿਚ ਕਮੇਟੀ ਦਾ ਗਠਨ ਕੀਤਾ ਹੈ ਜੋ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਲੜਾਈ ਲੜੇਗੀ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਨੇ ਦੁਸਹਿਰੇ ਵਾਲੇ ਦਿਨ ਮੰਡੀ ਕਿੱਲਿਆਂਵਾਲੀ ਵਿਖੇ ਨਰਿੰਦਰ ਮੋਦੀ, ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀਆਂ ਦੇ ਦਿਓ ਕੱਦ ਪੁਤਲੇ ਫੂਕ ਕੇ ਦੁਸ਼ਹਿਰਾ ਮਨਾਉਣ ਦੇ ਉਲੀਕੇ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਮੀਟਿੰਗ ਦੌਰਾਨ ਇਸ ਪ੍ਰੋਗਰਾਮ ਦੀ ਸਫਲਤਾ ਲਈ ਪਿੰਡਾਂ ਤੇ ਸ਼ਹਿਰੀ ਖੇਤਰ ‘ਚ ਮੀਟਿੰਗਾਂ ਰੈਲੀਆਂ ਤੇ ਨਾਟਕਾਂ ਦੇ ਰਾਹੀਂ ਜੋਰਦਾਰ ਮੁਹਿੰਮ ਵਿੱਢਣ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮਜਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਸਖਤ ਵਿਰੋਧ ਦੇ ਬਾਵਜੂਦ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਤੇ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2020 ਦੇ ਕਿਸਾਨਾਂ ਤੋਂ ਇਲਾਵਾ ਸਮੂਹ ਲੋਕਾਂ ‘ਤੇ ਮਾਰੂ ਅਸਰ ਪੈਣਗੇ। ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਦੇ ਨਾਲ ਗਰੀਬੀ ,ਬੇਰੁਜਗਾਰੀ, ਮਹਿੰਗਾਈ ਤੇ ਕਾਲਾਬਾਜਾਰੀ ਸਿਖਰਾਂ ਛੋਹੇਗੀ,ਵਪਾਰ ਤੇ ਕਾਰੋਬਾਰ ਦਾ ਧੂੰਆਂ ਨਿਕਲ ਜਾਵੇਗਾ ਅਤੇ ਵਾਤਾਵਰਨ ਹੋਰ ਵੀ ਦੂਸ਼ਿਤ ਹੋ ਜਾਵੇਗਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਮੁਲਕ ਦੇ ਮਾਲ ਖਜਾਨੇ ਲੁਟਾਉਣ ਵਾਲੇ ਫੈਸਲਿਆਂ ਖਿਲਾਫ ਸਭ ਵਰਗਾਂ ਦਾ ਸੰਘਰਸ਼ ਦੇ ਰਾਹ ਪੈਣਾ ਅਣਸਰਦੀ ਲੋੜ ਬਣ ਗਿਆ ਹੈ।
ਇਸ ਮੀਟਿੰਗ ਵਿੱਚ ਟੈਕਨੀਕਲ ਸਰਵਿਸਿਜ ਯੂਨੀਅਨ ਦੇ ਸੱਤਪਾਲ ਬਾਦਲ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਲੰਬੀ ਦੇ ਮਹਿੰਦਰ ਸਿੰਘ ਖੁੱਡੀਆਂ, ਮਿੱਡ ਡੇ ਮੀਲ ਵਰਕਰ ਯੂਨੀਅਨ ਹਰਿਆਣਾ ਬਲਾਕ ਡੱਬਵਾਲੀ ਦੇ ਰਾਜ ਰਾਣੀ, ਕਰਿਆਣਾ ਮਰਚੈਂਟਸ ਐਸੋਸੀਏਸ਼ਨ ਮੰਡੀ ਕਿੱਲਿਆਂਵਾਲੀ ਦੇ ਰਾਕੇਸ਼ ਕੁਮਾਰ, ਕਰਿਆਣਾ ਮਰਚੈਂਟਸ ਐਸੋਸੀਏਸ਼ਨ ਲੰਬੀ ਦੇ ਮੱਖਣ ਲਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਗੁਰਸੇਵਕ ਸਿੰਘ ਲੰਬੀ,ਭਵਨ ਨਿਰਮਾਣ ਕਾਮਗਾਰ ਯੂਨੀਅਨ (ਸੀਟੂ) ਦੇ ਵਿਸ਼ਾਲ,ਡੀ ਟੀ ਐਫ ਦੇ ਕੁਲਦੀਪ ਸ਼ਰਮਾ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਰਾਕੇਸ਼ ਕੁਮਾਰ, ਸਵਾਸਥ ਠੇਕਾ ਕਰਮਚਾਰੀ ਯੂਨੀਅਨ ਡੱਬਵਾਲੀ ਦੇ ਸਮਿੱਤਰਾ,ਪੈਨਸ਼ਨਰ ਐਸੋਸੀਏਸ਼ਨ ਦੇ ਦਿਲਾਵਰ ਸਿੰਘ, ਪੰਜਾਬ ਟੈਕਸੀ ਯੂਨੀਅਨ ਮੰਡੀ ਕਿੱਲਿਆਂਵਾਲੀ ਦੇ ਰਾਮ ਸਿੰਘ,ਆਟੋ ਰਿਕਸ਼ਾ ਯੂਨੀਅਨ ਦੇ ਗੁਰਦੀਪ ਸਿੰਘ,ਪੀ ਡਬਲਯੂ ਡੀ ਟੈਕਨੀਸ਼ੀਅਨ ਐਸੋਸੀਏਸ਼ਨ ਦਰਜਾ ਚਾਰ ਦੇ ਤੇਜਾ ਸਿੰਘ ਸਮੇਤ ਵੱਡੀ ਗਿਣਤੀ ਆਗੂਆਂ ਨੇ ਭਾਗ ਲਿਆ ਅਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਘੋਲ ਦੀ ਹਮਾਇਤ ਦਾ ਐਲਾਨ ਕੀਤਾ।
ਹਰਿਆਣਾ ਤੇ ਰਾਜਸਥਾਨ ’ਚ ਵੀ ਨਗਾਰੇ ਤੇ ਚੋਟ
ਦੂਜੇ ਪਾਸੇ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਵੀ ਮੰਡੀ ਕਿੱਲਿਆਂਵਾਲੀ ਵਿਖੇ ਪੁਤਲੇ ਫੂਕ ਕੇ ਦੁਸ਼ਿਹਰਾ ਮਨਾਉਣ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ ) ਬਲਾਕ ਲੰਬੀ ਦੇ ਪ੍ਰਧਾਨ ਗੁਰਪਾਸ਼ ਸਿੰਘ ਨੇ ਵੱਖਰੇ ਬਿਆਨ ਰਾਹੀਂ ਦੱਸਿਆ ਕਿ ਕਿਸਾਨ ਆਗੂ ਕੁਲਵੰਤ ਰਾਏ ਤੇ ਤਰਸੇਮ ਸਿੰਘ ਮਿੱਠੜੀ ਬੁੱਧਗਿਰ ਦੀ ਅਗਵਾਈ ਹੇਠ ਹਰਿਆਣਾ ਦੇ ਪਿੰਡ ਡੱਬਵਾਲੀ, ਜੋਗੇਵਾਲਾ, ਦੇਸੂਯੋਧਾ ਤੇ ਮਾਂਗੇਆਣਾ ਆਦਿ ਪਿੰਡਾਂ ਵਿੱਚ ਕੀਤੀਆਂ ਰੈਲੀਆਂ ਸਮੇਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਨੇ ਆਪਣੇ ਇਨਕਲਾਬੀ ਗੀਤ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਇਸੇ ਤਰਾਂ ਹੀ ਕਿਸਾਨ ਆਗੂ ਜਗਸੀਰ ਸਿੰਘ ਗੱਗੜ ਤੇ ਜਗਦੀਪ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਇੱਕ ਟੀਮ ਨੇ ਰਾਜਸਥਾਨ ਦੇ ਪਿੰਡ ਹਰੀਪੁਰਾ,ਭਾਕਰਾ , ਢਾਬਾਂ ਤੇ ਭਗਤਪੁਰਾ ਆਦਿ ਪਿੰਡਾਂ ਵਿੱਚ ਰੈਲੀਆਂ ਕਰਕੇ ਰਾਜਸਥਾਨ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ 25ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਚ ਸਾਮਲ ਹੋਣ ਦਾ ਸੱਦਾ ਦਿੱਤਾ । ਉਹਨਾਂ ਦਾਅਵਾ ਕੀਤਾ ਕਿ 25 ਅਕਤੂਬਰ ਨੂੰ ਮੰਡੀ ਕਿੱਲਿਆਂਵਾਲੀ ਵਿਖੇ ਖੇਤੀ ਕਾਨੂੰਨਾਂ ਖਿਲਾਫ ਕੀਤਾ ਜਾਣ ਵਾਲਾ ਪ੍ਰਦਰਸ਼ਨ ਇਕੱਠ ਤੇ ਭਾਈਚਾਰਕ ਸਾਂਝ ਪੱਖੋਂ ਬੇਹੱਦ ਅਹਿਮ ਤੇ ਨਿਵੇਕਲਾ ਹੋਵੇਗਾ।