ਅਸ਼ੋਕ ਵਰਮਾ
ਬਠਿੰਡਾ, 20 ਅਕਤੂਬਰ 2020 - ਲੋਕ ਸੰਗਰਾਮ ਮੋਰਚਾ ਪੰਜਾਬ (ਆਰ.ਡੀ.ਐੱਫ.) ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ ਲਿਆਂਦੇ ਬਿੱਲਾਂ ਨੂੰ ਕਿਸਾਨੀ ਸੰਘਰਸ਼ ਦੀ ਦੂਸਰੀ ਵੱਡੀ ਜਿੱਤ ਕਰਾਰ ਦਿੱਤਾ ਹੈ ਜਦੋਂਕਿ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਨੂੰ ਪਹਿਲੀ ਸਫਲਤਾ ਦੱਸਿਆ ਹੈ। ਮੋਰਚਾ ਦੇ ਸੂਬਾ ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ 5 ਜੂਨ ਤੋਂ ਅਰੰਭੇ ਪ੍ਰਚਾਰ ਪ੍ਰਸਾਰ ਅਤੇ 1 ਅਕਤੂਬਰ 2020 ਤੋਂ ਕਾਰਪੋਰੋਟ ਘਰਾਣਿਆਂ ਸਮੇਤ ਰੇਲਾਂ ਆਦਿ ਜਾਮ ਕਰਨ ਦੇ ਸੰਘਰਸ਼ ਨੂੰ ਬੂਰ ਪਿਆ ਹੈ। ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਅੰਤਰ-ਰਾਸ਼ਟਰੀ ਪੱਧਰ ’ਤੇ ਲੋਕਾਂ ਦੀ ਹਮਦਰਦੀ ਹਾਸਲ ਕਰ ਚੱਕਿਆ ਹੈ ਜਿਸ ਨੇ ਭਾਵੇਂ ਦੂਜੀ ਅਤੇ ਅਹਿਮ ਜਿੱਤ ਪ੍ਰਾਪਤ ਕੀਤੀ ਹੈ ਫਿਰ ਵੀ ਅਜੇ ਲੜਾਈ ਜਾਰੀ ਰੱਖਣ ਦੀ ਲੋੜ ਹੈ।
ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਹੈ ਜੋ ਬੜੀ ਢੀਠਤਾਈ ਨਾਲ ਕੇਂਦਰੀ ਖੇਤੀ ਵਿਰੋਧੀ ਬਿੱਲਾਂ ਦੀ ਵਕਾਲਤ ਕਰਦੇ ਸਨ। ਉਨਾਂ ਕਿਹਾ ਕਿ ਇਸ ਸੰਘਰਸ਼ ਸਦਕਾ ਇਨਾਂ ਕਾਨੂੰਨਾਂ ਖਿਲਾਫ ਬੋਲਕੇ ਉਨਾਂ ਨੂੰ ਵਾਪਿਸ ਪਰਤਣਾ ਪਿਆ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਵਿਸ਼ਾਲ ਹੁੰਦਾ ਹੋਇਆ ਹੋਰ ਤਬਕਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ ਖਾਸ ਤੌਰ ਤੇ ਹਕੂਮਤੀ ਹਿੱਸੇ ਵੀ ਇਸੇ ਜੋਰ ਤੇ ਝੁਕਾਏ ਹਨ ਅਤੇ ਇੱਕ ਵਾਰ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰਨ ਦੀ ਕੋਸ਼ਿਸ਼ ਕਰ ਚੁੱਕੀ ਕੈਪਟਨ ਹਕੂਮਤ ਨੂੰ ‘‘ਕੰਧ ’ਤੇ ਲਿਖਿਆ ਪੜਨ’’ ਲਈ ਮਜਬੂਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ’ਤੇ ਮੋਦੀ ਹਕੂਮਤ ਕੇਂਦਰੀ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਆਪਣਾ ਹਰ ਹਰਬਾ ਵਰਤ ਰਹੀ ਹੈ ਪਰ ਲੋਕਾਂ ਦਾ ਸੰਘਰਸ਼ ਮੋਦੀ ਹਕੂਮਤ ਨੂੰ ਝੁਕਾਉਣ ਲਈ ਬੱਚਨਬੱਧ ਹੈ। ਉਹਨਾਂ ਕਿਹਾ ਕਿ ਸਾਮਰਾਜਵਾਦ ਦਾ ਜੂਲਾ ਲਾਹੇ ਬਿਨਾ ਲੋਕਾਂ ਨੇ ਮੁਕਤ ਨਹੀਂ ਹੋਣਾ ਇਸ ਲਈ ਸੰਪੂਰਨ ਮੁਕਤੀ ਲਈ ਲੋਕ ਵਿਰੋਧੀ ਹਾਕਮਾਂ, ਦੀ ਪਹਿਚਾਣ ਕਰਕੇ ਸੰਘਰਸ਼ ਛੇੜਨਾ ਪਵੇਗਾ। ਲੋਕ ਸੰਗਰਾਮ ਮੋਰਚਾ ਪੰਜਾਬ ਦੇ ਆਗੂ ਨੇ ਕਿਸਾਨਾਂ ਸਮੇਤ ਲੋਕਾਂ ਨੂੰ ਚੱਲ ਰਹੇ ਸੰਘਰਸ਼ ਵਿੱਚ ਇੱਕ ਤੋਂ ਬਾਅਦ ਇੱਕ ਜਿੱਤ ਦਰਜ ਕਰਦਿਆਂ ਲੋਕ ਦੁਸ਼ਮਣ ਅਤੇ ਲੁਟੇਰੇ ਸਾਮਰਾਜੀ ਪ੍ਰਬੰਧ ’ਤੇ ਸੱਟ ਮਾਰਨ ਲਈ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਮੋਰਚਾ ਹਰ ਕਦਮ ’ਤੇ ਚਟਾਨ ਵਾਂਗ ਖਲੋਣ ਲਈ ਤਿਆਰ ਹੈ।