ਮਨਿੰਦਰਜੀਤ ਸਿੱਧੂ
- ਕੈਪਟਨ ਅਮਰਿੰਦਰ ਸਿੰਘ ‘ਕਿਸਾਨਾਂ ਦਾ ਰਾਖਾ’-ਰਾਜਦੀਪ ਸਿੰਘ ਔਲਖ
ਜੈਤੋ, 22 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਉੱਪਰ ਲਿਆਂਦੇ ਗਏ ਕਾਨੂੰਨਾਂ ਖਿਲਾਫ ਪੰਜਾਬ ਅਤੇ ਹਰਿਆਣੇ ਦੀ ਸਮੁੱਚੀ ਕਿਸਾਨੀ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਸੜਕਾਂ ਉੱਪਰ ਹੈ।ਕਿਸਾਨਾਂ ਦੀ 30 ਜੱਥੇਬੰਦੀਆਂ ਆਪਣੇ ਮਿੱਥੇ ਪ੍ਰੋਗਰਾਮਾਂ ਅਨੁਸਾਰ ਲਗਾਤਾਰ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਵੱਖੋ ਵੱਖਰੇ ਤਰੀਕੇ ਨਾਲ ਸਰਕਾਰ ਨੂੰ ਘੇਰਨ ਦੀ ਕੋਸ਼ਿਸ ਵਿੱਚ ਹਨ।
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਾਲ ਵੀ ਲਗਾਤਾਰ ਕਿਸਾਨ ਯੂਨੀਅਨਾਂ ਵੱਲੋਂ ਰਾਬਤਾ ਬਣਾਇਆ ਹੋਇਆ ਸੀ।ਇਸੇ ਸੰਦਰਭ ਵਿੱਚ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪਾਸ ਇਹਨਾਂ ਤਿੰਨ ਕਾਨੂੰਨਾਂ ਦੀ ਕਾਟ ਵਿੱਚ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਨਵੇਂ ਤਿੰਨ ਬਿੱਲ ਪਾਸ ਕੀਤੇ ਗਏ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪਾਸ ਇਹਨਾਂ ਬਿੱਲਾਂ ਦਾ ਚਾਹੇ ਕਾਨੂੰਨੀ ਭਵਿੱਖ ਜੋ ਵੀ ਹੋਵੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਯੂਨੀਅਨਾਂ ਨਾਲ ਕੀਤਾ ਵਾਅਦਾ ਪੂਰਾ ਕਰ ਗਏ।
ਇਹਨਾਂ ਕਾਨੂੰਨਾਂ ਦੇ ਪਾਸ ਹੋਣ ਤੋਂ ਬਾਅਦ ਦ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਦੀਪ ਸਿੰਘ ਔਲਖ ਰਾਮੇਆਣਾ ਦੀ ਅਗਵਾਈ ਵਿੱਚ ਸਮੂਹ ਟਰੱਕ ਆਪ੍ਰੇਟਰਾਂ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਲੱਡੂ ਵੰਡੇ।ਇਸ ਮੌਕੇ ਰਾਜਦੀਪ ਸਿੰਘ ਔਲਖ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਰਾਖਾ ਹੈ ਅਤੇ ਉਸਨੇ ਜੋ ਕਿਹਾ ਕਰ ਵਿਖਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਕਿਸਾਨਾਂ ਨਾਲ ਕਿਸੇ ਵੀ ਕੀਮਤ ਉੱਪਰ ਕੋਈ ਧੱਕਾ ਬਰਦਾਸ਼ਤ ਨਹੀਂ ਕਰੇਗੀ।