ਅਸ਼ੋਕ ਵਰਮਾ
- ਸੜਕਾਂ ਤੇ ਰੇਲ ਲਾਈਨਾਂ 'ਤੇ ਬੈਠੇ ਕਿਸਾਨਾਂ ਨੂੰ ਕਿਹਾ ਪੰਜਾਬ ਦੇ ਅਸਲ ਹੀਰੋ
ਬਠਿੰਡਾ, 22 ਅਕਤੂਬਰ 2020 - ਸਾਬਕਾ ਖਜਾਨਾ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ (ਡ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ ਵੱਲੋਂ ਕੇਂਦਰ ਦੇ ਨਵੇਂ ਖੇਤੀ ਬਿੱਲਾਂ ਦੇ ਬਰਾਬਰ ਲਿਆਂਦੇ ਸੋਧ ਬਿੱਲਾਂ ਨੂੰ ਤਾਂ ਸਲਾਹਿਆ ਪਰ ਨਾਲ ਹੀ ਸਰਕਾਰ ਨੂੰ ਆਪਣਾ ਵੱਖਰਾ ਬਿੱਲ ਲਿਆਉਣ ਦੀ ਸਲਾਹ ਵੀ ਦਿੱਤੀ। ਢੀਂਡਸਾ ਅੱਜ ਇੱਥੇ ਪਾਰਟੀ ਦੀ ਮਹਿਲਾ ਆਗੂ ਦੇ ਪਤੀ ਦੇ ਸ਼ਰਧਾਂਜਲੀ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਸਨ।
ਢੀਂਡਸਾ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਕੇ ਮਗਰੋਂ ਨੁਕਤਾਚੀਨੀ ਕਰਨ ਵਾਲਿਆਂ ਦੇ ਮਨ 'ਚ ਇਹ ਵਹਿਮ ਹੈ ਕਿ ਇਸ ਤਰ੍ਹਾਂ ਕਰਕੇ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਹੀਰੋ ਬਣ ਰਹੇ ਹਨ ਜਦੋਂਕਿ ਪੰਜਾਬ ਦੇ ਅਸਲੀ ਹੀਰੋ ਤਾਂ ਸੜਕਾਂ ਤੇ ਰੇਲ ਪਟੜੀਆਂ 'ਤੇ ਬੈਠੇ ਕਿਸਾਨ ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦਾ ਇੱਕ ਵੱਖਰਾ ਬਿੱਲ ਲਿਆਂਦਾ ਜਾਵੇ, ਜੋ ਪੰਜਾਬ 'ਚ ਲਾਗੂ ਹੋ ਸਕੇ ਕਿਉਂਕਿ ਹੁਣ ਜੋ ਕੇਂਦਰੀ ਬਿੱਲ ਦੇ ਬਰਾਬਰ ਸੋਧ ਬਿੱਲ ਲਿਆਂਦਾ ਹੈ।
ਇਸ ਨਾਲ ਕੋਈ ਸਹਾਰਾ ਨਹੀਂ ਮਿਲਣਾ ਪਰ ਐਨਾਂ ਜ਼ਰੂਰ ਹੈ ਕਿ ਕੇਂਦਰ ਨੂੰ ਸੁਨੇਹਾ ਪੁੱਜ ਗਿਆ ਉਨ੍ਹਾਂ ਕਿਹਾ ਕਿ ਬਿੱਲਾਂ ਦੀ ਖਾਤਰ ਤਾਂ ਸੰਵਿਧਾਨਕ ਲੜਾਈ ਲੜਨੀ ਪਵੇਗੀ ਪੰਜਾਬ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਰਾਜਪਾਲ ਵੱਲੋਂ ਮਨਜੂਰੀ ਦੇਣ ਸਬੰਧੀ ਪੁੱਛੇ ਜਾਣ 'ਤੇ ਪ੍ਰਮਿੰਦਰ ਢੀਂਡਸਾ ਨੇ ਕਿਹਾ ਕਿ ਲੱਗਦਾ ਹੈ ਕਿ ਰਾਜਪਾਲ ਅਜਿਹਾ ਨਹੀਂ ਕਰਨਗੇ ਕਿਉਂਕਿ ਉਹ ਵੀ ਕੇਂਦਰ ਦੇ ਹੀ ਨੁਮਾਇੰਦੇ ਹਨ ਉਨ੍ਹਾਂ ਕਾਂਗਰਸ ਸਰਕਾਰ ਦੀ ਇਸ ਗੱਲੋਂ ਵੀ ਨਿਖੇਧੀ ਕੀਤੀ ਕਿ ਪੇਸ਼ ਕੀਤਾ ਜਾਣ ਵਾਲਾ ਬਿੱਲ ਇੱਕ ਦਿਨ ਪਹਿਲਾਂ ਤੱਕ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ ਜੋ ਬਹੁਤ ਮਾੜੀ ਗੱਲ ਹੈ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੀਆਂ ਉੱਡ ਰਹੀਆਂ ਅਫਵਾਹਾਂ ਦਾ ਜ਼ਿਕਰ ਕਰਦਿਆਂ ਸਾਬਕਾ ਖਜਾਨਾ ਮੰਤਰੀ ਨੇ ਕਿਹਾ ਕਿ ਅਜਿਹਾ ਕਰਕੇ ਕੈਪਟਨ ਸਰਕਾਰ ਲੋਕਾਂ ਦੀ ਹਮਦਰਦੀ ਹਾਸਿਲ ਕਰਨੀ ਚਾਹੁੰਦੀ ਹੈ ਜਦੋਂਕਿ ਰਾਸ਼ਟਰਪਤੀ ਰਾਜ ਲੱਗਣ ਵਰਗੀ ਕੋਈ ਨੌਬਤ ਨਹੀਂ ਹੈ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਕਾਂਗਰਸ ਸੂਬੇ 'ਚ ਸੁਧਾਰ ਕਰਨ ਦੇ ਨਾਂਅ 'ਤੇ ਸੱਤਾ 'ਚ ਆਈ ਪਰ ਹੁਣ ਹਾਲ ਪਹਿਲਾਂ ਨਾਲੋਂ ਵੀ ਮਾੜਾ ਹੋ ਗਿਆ ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਕਈ-ਕਈ ਮਹੀਨੇ ਆਪਣੇ ਘਰੋਂ ਹੀ ਨਾ ਨਿੱਕਲੇ ਉਸ ਸੂਬੇ ਦਾ ਕੀ ਹਾਲ ਹੋਵੇਗਾ ਇਸਦਾ ਅੰਦਾਜਾ ਆਪ ਹੀ ਲਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਰਾਜੇ-ਮਹਾਰਾਜਿਆਂ ਦੀ ਦੀ ਤਰਜ਼ 'ਤੇ ਪੁਰਾਤਨ ਢੰਗ ਨਾਲ ਹੀ ਸ਼ਾਸਨ ਚਲਾ ਰਹੇ ਹਨ ਸ੍ਰੋਮਣੀ ਅਕਾਲੀ ਦਲ (ਡ) ਵੱਲੋਂ ਸ੍ਰੋਮਣੀ ਕਮੇਟੀ ਚੋਣਾਂ ਲੜਨ ਦੇ ਫੈਸਲੇ ਸਬੰਧੀ ਪੁੱਛੇ ਜਾਣ 'ਤੇ ਢੀਂਡਸਾ ਨੇ ਕਿਹਾ ਕਿ ਪਾਰਟੀ ਚੋਣਾਂ ਲੜੇਗੀ ਪਰ ਅਜਿਹਾ ਕੋਈ ਉਮੀਦਵਾਰ ਨਹੀਂ ਹੋਵੇਗਾ।
ਜੋ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਚੋਣ ਵੀ ਲੜੇ ਬਠਿੰਡਾ ਥਰਮਲ ਨੂੰ ਬੰਦ ਕਰਕੇ ਵੇਚੇ ਜਾਣ ਦੇ ਸਵਾਲ ਦੇ ਜਵਾਬ 'ਚ ਢੀਂਡਸਾ ਨੇ ਕਿਹਾ ਕਿ ਮੈਂ ਇਸਨੂੰ ਬੰਦ ਕਰਨ ਦੇ ਹੱਕ 'ਚ ਹਾਂ ਕਿਉਂਕਿ ਇਸਦੀ ਬਿਜਲੀ ਬਹੁਤ ਜਿਆਦਾ ਮਹਿੰਗੀ ਪੈ ਰਹੀ ਸੀ। ਥਰਮਲ ਦੀ ਮੁਰੰਮਤ ਸਬੰਧੀ ਜਦੋਂ ਕਈ ਕਰੋੜ ਪੈਸੇ ਲਗਾਏ ਗਏ ਸੀ ਤਾਂ ਉਸ ਵੇਲੇ ਤੁਸੀਂ ਹੀ ਖਜਾਨਾ ਮੰਤਰੀ ਸੀ ਤਾਂ ਢੀਂਡਸਾ ਨੇ ਕਿਹਾ ਕਿ ਉਹ ਪੈਸਾ ਬਿਜਲੀ ਅਧਿਕਾਰੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਗਲਤ ਦਲੀਲਾਂ ਕਰਕੇ ਖਰਚ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਇਸ ਥਰਮਲ ਦੀ ਮੁਰੰਮਤ ਦੀ ਸਲਾਹ ਦੇ ਕੇ ਪੈਸਾ ਖਰਚਾ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਦੇ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਅਤੇ ਭੋਲਾ ਸਿੰਘ ਗਿੱਲਪੱਤੀ ਸਮੇਤ ਹੋਰ ਆਗੂ ਹਾਜ਼ਰ ਸਨ।