ਮਨਿੰਦਰਜੀਤ ਸਿੱਧੂ
- ਭਾਕਿਯੂ ਡਕੌਂਦਾ ਦੇ ਸਖਤ ਸਟੈਂਡ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਗੱਡੀ ‘ਪੁੱਠੀ’ ਮੋੜੀ
ਜੈਤੋ, 23 ਅਕਤੂਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਫੈਸਲੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲ੍ਹਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲ ਟਰੈਕ ‘ਤੇ ਚੱਲ ਰਹੇ ਧਰਨੇ ਨੂੰ 22 ਅਕਤੂਬਰ ਤੋਂ ਪਲੇਟਫਾਰਮ 'ਤੇ ਤਬਦੀਲ ਕਰ ਦਿੱਤਾ ਗਿਆ ਸੀ। ਕਿਸਾਨ ਜੱਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਨਾਲ ਹੋਏ ਸਮਝੌਤੇ ਅਨੁਸਾਰ ਉਹਨਾਂ ਜਰੂਰੀ ਵਸਤੂਆਂ ਦੀ ਪੂਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਲਗੱਡੀਆਂ ਨੂੰ ਲੰਘਾਉਣ ਦੀ ਹਾਮੀ ਓਟੀ ਸੀ। ਪਰ ਅੱਜ ਕਿਸਾਨ ਜੱਥੇਬੰਦੀਆਂ ਲਈ ਹੈਰਾਨੀ ਅਤੇ ਪਰੇਸ਼ਾਨੀ ਦੀ ਗੱਲ ਉਦੋਂ ਬਣੀ ਜਦੋਂ ਰੇਲਵੇ ਵੱਲੋਂ ਇੱਕ ਫ਼ਿਰੋਜ਼ਪੁਰ ਤੋਂ ਸਵਾਰੀਆਂ ਵਾਲੀ ਰੇਲ ਗੱਡੀ ਭੇਜੀ ਗਈ ਜੋ ਕਿ ਫ਼ਰੀਦਕੋਟ ਤੋਂ ਹੁੰਦੀ ਹੋਈ ਰੋਮਾਣਾ ਅਲਬੇਲ ਸਿੰਘ ਵਿਖੇ ਪਹੁੰਚੀ ਤਾਂ ਕਿਸਾਨਾਂ ਵੱਲੋਂ ਸਟੇਸ਼ਨ ਤੋਂ ਪਿੱਛੇ ਹੀ ਗੱਡੀ ਰੋਕ ਲਈ ਗਈ।
ਇਸ ਉਪਰੰਤ ਲਗਾਤਾਰ ਕਿਸਾਨ ਜੱਥੇਬੰਦੀ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਤਿੰਨ ਘੰਟੇ ਗੱਲਬਾਤ ਚੱਲਦੀ ਰਹੀ ਅਤੇ ਅਖੀਰ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਰੇਲਵੇ ਵੱਲੋਂ ਗੱਡੀ ਵਾਪਿਸ ਮੋੜ ਦਿੱਤੀ ਗਈ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਨਾਲ ਸਿਰਫ ਮਾਲ-ਗੱਡੀਆਂ ਚਲਾਉਣ ਦੀ ਸਹਿਮਤੀ ਬਣੀ ਸੀ ਨਾ ਕਿ ਪੈਸੰਜਰ ਗੱਡੀਆਂ। ਸਰਕਾਰ ਇਹ ਸਾਰੀਆਂ ਚਾਲਾਂ ਬੌਖਲਾਹਟ ਵਿੱਚ ਆ ਕੇ ਕਿਸਾਨਾਂ ਦੇ ਇਸ ਘੋਲ ਨੂੰ ਖਤਮ ਕਰਨ ਲਈ ਚੱਲ ਰਹੀ ਹੈ।
ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਸਿਰਫ਼ ਜਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਦਾ ਲਾਂਘਾ ਬਹਾਲ ਕੀਤਾ ਗਿਆ ਹੈ। ਅੰਬਾਨੀਆਂ ਅਤੇ ਅਡਾਨੀਆਂ ਦੀ ਕਿਸੇ ਵੀ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ਅਤੇ ਰਿਲਾਇੰਸ ਪੈਟਰੋਲ ਪੰਪ, ਟੋਲ ਪਲਾਜ਼ਿਆਂ, ਅਤੇ ਭਾਜਪਾ ਦੇ ਆਗੂਆਂ ਦੇ ਘਰ ਅੱਗੇ 05 ਨਵੰਬਰ ਤੱਕ ਇਸ ਤਰ੍ਹਾਂ ਧਰਨੇ ਜਾਰੀ ਰਹਿਣਗੇ।ਅੱਜ ਦੇ ਧਰਨੇ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਕਾਫ਼ਲੇ ਪਹੁੰਚੇ।ਇਸ ਮੌਕੇ ਗੁਰਮੱਖ ਸਿੰਘ ਨਾਨਕਸਰ,ਮਨਜਿੰਦਰ ਸਿੰਘ ਚੱਕ ਭਾਗ, ਜਸਵੰਤ ਸਿੰਘ ਚੰਦਭਾਨ, ਬਲਜੀਤ ਸਿੰਘ ਹਰੀਨੌ, ਕਰਮਜੀਤ ਸਿੰਘ ਚੈਨਾ, ਜੋਗਿੰਦਰ ਸਿੰਘ ਮਲੂਕਾ, ਬੇਅੰਤ ਸਿੰਘ ਰਾਮੂੰਵਾਲਾ, ਦਰਸ਼ਨ ਪ੍ਰਧਾਨ ਰੋੜੀਕਪੂਰਾ,ਗੁਰਮੇਲ ਸਿੰਘ ਰੋਮਾਣਾ ਅਲਬੇਲ, ਸੁਖਦੇਵ ਸਿੰਘ ਹਰੀਨੌ, ਸ਼ਮਸ਼ੇਰ ਸਿੰਘ ਨਾਨਕਸਰ,ਮਿੱਠੂ ਸਿੰਘ ਢੈਪਈ, ਬਲਜੀਤ ਸਿੰਘ ਰੋਮਾਣਾ ਅਲਬੇਲ ਸਿੰਘ, ਕੇਵਲ ਸਿੰਘ ਡਿੰਗੀ ਆਦਿ ਹਾਜ਼ਰ ਸਨ।