ਅਸ਼ੋਕ ਵਰਮਾ
ਮਾਨਸਾ, 23 ਅਕਤੂਬਰ 2020 - ਰੇਲ ਲਾਈਨਾਂ ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਈ ਮਾਤਾ ਤੇਜ ਕੌਰ ਦੇ ਪ੍ਰੀਵਾਰ ਨੂੰ ਮੁਆਵਜਾ ਦੇਣ ਦੇ ਮਾਮਲੇ ਨੂੰ ਲੈਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਆਪਸ ’ਚ ਸਿੰਗ ਫਸ ਗਏ ਹਨ। ਕਿਸਾਨ ਮੁਆਵਜਾ ਲੈਣ ਲਈ ਅੜੇ ਹੋਏ ਹਨ ਜਦੋਂਕਿ ਪ੍ਰਸ਼ਾਸ਼ਨ ਫਿਲਹਾਲ ਚੁੱਪ ਹੈ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਘਿਰਾਓ ਅੱਜ 14ਵੇਂ ਦਿਨ ਵੀ ਜਾਰੀ ਰਿਹਾ ਜਦੋਂ ਕਿ ਡੀ.ਸੀ. ਰਿਹਾਇਸ਼ ਦੇ ਮੇਨ ਗੇਟ ਨੂੰ ਵੀ ਜਥੇਬੰਦੀ ਨੇ ਘੇਰਿਆ ਹੋਇਆ ਹੈ। ਕਿਸਾਨ ਜਥੇਬੰਦੀ ਦੀ ਮੰਗ ਹੈ ਕਿ ਬੁਢਲਾਡਾ ਧਰਨੇ ਵਿੱਚ ਸ਼ਹੀਦ ਹੋਈ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਪੰਜਾਬ ਸਰਕਾਰ 10 ਲੱਖ ਰੁਪਏ ਦਾ ਮੁਆਵਜਾ ਦੇਵੇ, ਸਮੁੱਚਾ ਕਰਜਾ ਖਤਮ ਕਰਨ ਦਾ ਵਚਨ ਕਰੇ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਤੁਰੰਤ ਕੀਤਾ ਜਾਵੇ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅਤੇ ਰਿਹਾਇਸ਼ ਦੇ ਕੀਤੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਨੌਜਵਾਨ ਅਤੇ ਔਰਤਾਂ ਸ਼ਾਮਲ ਹੋਈਆਂ। ਪੰਜਾਬ ਸਰਕਾਰ ਦੇ ਅੜੀਅਲ ਰਵੱਈਆ ਕਾਰਨ ਕਿਸਾਨਾਂ ਦੇ ਵਿੱਚ ਸਰਕਾਰ ਪ੍ਰਤੀ ਰੋਸ ਵਧਣ ਲੱਗਿਆ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਆਪਣੀਆਂ ਜਾਨਾਂ ਦੇਣ ਵਾਲੇ ਕਿਸਾਨਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਸ਼ਰਧਾਂਜਲੀ ਦੇ ਕੇ ਸ਼ਹੀਦਾਂ ਦਾ ਦਰਜਾ ਦਿੱਤਾ ਹੈ, ਪਰ ਜਿਹਨਾਂ ਪਰਿਵਾਰਾਂ ਦੇ ਮੈਂਬਰ ਸੰਘਰਸ਼ ਵਿੱਚ ਆਪਣੀ ਜ਼ਿੰਦਗੀ ਲਾ ਗਏ ਉਨਾਂ ਦੇ ਪਰਿਵਾਰਾਂ ਨੂੰ ਸਰਕਾਰ ਪੁੱਛ ਵੀ ਨਹੀਂ ਰਹੀ ਸਗੋਂ ਇਸ ਮੁੱਦੇ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦਮ ਨੂੰ ਪਰਖਿਆ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਵਿੱਚ ਖੁਦ ਤੁਰੰਤ ਦਾਖਲ ਦੇ ਕੇ ਮਸਲਾ ਹੱਲ ਕਰਵਾਉਣ। ਇਸੇ ਤਰਾਂ ਮੋਦੀ ਸਰਕਾਰ ਖਿਲਾਫ ਚਾਰ ਥਾਵਾਂ ਤੇ ਧਰਨੇ ਜਾਰੀ ਰਹੇ ਜਦੋਂ ਕਿ ਬਣਾਂਵਾਲੀ ਥਰਮਲ ਅੱਗੇ ਚੱਲ ਰਿਹਾ ਧਰਨਾ ਬਣਾਂਵਾਲੀ ਰੇਲਵੇ ਲਾਇਨ ਤੇ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਰੇਲ-ਆਵਾਜਾਈ ਫਿਰ ਤੋਂ ਠੱਪ ਹੋ ਗਈ ਹੈ। ਸੂਬਾ ਲੀਡਰਸ਼ਿਪ ਨੇ ਰੇਲਵੇ ਲਾਇਨ ਤੇ ਧਰਨਾ ਲਾਉਣ ਦਾ ਫੈਸਲਾ ਲੈ ਕੇ ਥਰਮਲ ਲੈ ਕੇ ਧਰਨੇ ਤੇ ਬੈਠੇ ਵਰਕਰਾਂ ਤੇ ਆਗੂਆਂ ਨੂੰ ਰੇਲ ਪਟੜੀਆਂ ਤੇ ਬੈਠਣ ਦਾ ਸੁਨੇਹਾ ਦੇਣ ਤੋਂ ਬਾਅਦ ਹੀ ਰੇਲ ਪਟੜੀ ਤੇ ਦਰੀਆ ਵਿਛਾ ਦਿੱਤੀਆਂ ਗਈਆਂ। ਵੱਖ-ਵੱਖ ਥਾਵਾਂ ਤੇ ਮਹਿੰਦਰ ਸਿੰਘ ਰੁਮਾਣਾ, ਉਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਮਲਕੀਤ ਸਿੰਘ ਕੋਟਧਰਮੂ, ਰਾਣੀ ਕੌਰ ਭੰਮੇ, ਜਸਵਿੰਦਰ ਕੌਰ ਅਤੇ ਜੱਗਾ ਸਿੰਘ ਤਲਵੰਡੀ ਸਾਬੋ ਨੇ ਸੰਬੋਧਨ ਕੀਤਾ।