ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2021 - ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੋਰਚੇ ’ਚ ਸ਼ਾਮਿਲ ਪਿੰਡ ਬੱਲੋ ਦੇ ਕਿਸਾਨ ਹਾਕਮ ਸਿੰਘ ਦੀ ਟਿਕਰੀ ਬਾਰਡਰ ’ਤੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਮਿ੍ਰਤਕ ਕਿਸਾਨ ਦਾ ਅੱਧਾ ਸਿਰ ਵੱਢਿਆ ਹੋਣ ਕਾਰਨ ਕਤਲ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ।
ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁਨ ਦੀ ਬਹਾਦਰਗੜ ( ਟਿਕਰੀ ਬਾਰਡਰ ) ਉਪਰ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਮਿ੍ਰਤਕ ਦਾ ਸਿਰ ਕਿਸੇ ਚੀਜ ਨਾਲ ਵੱਢਿਆ ਹੋਇਆ ਹੈ ਜਿਸ ਤੋਂ ਕਤਲ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਪਿੰਡ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਹਾਕਮ ਸਿੰਘ ( 60) ਪੁੱਤਰ ਛੋਟਾ ਸਿੰਘ ਵਾਸੀ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਜਿਸਦਾ ਕਥਿਤ ਤੌਰ ’ਤੇ ਗਲਾ ਤੇ ਸਿਰ ਵੱਢਕੇ ਕਤਲ ਕਰ ਦਿੱਤਾ ਗਿਆ।
ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਤੇ ਪ੍ਰਸਾਸਨ ਨੂੰ ਅਪੀਲ ਕੀਤੀ ਹੈ ਕਿ ਉਕਤ ਮਾਮਲੇ ਜਾਂਚ ਕਰਵਾਈ ਜਾਵੇ ਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਭਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਮਿਰਤਕ ਦੇਹ ਬਹਾਦਰਗੜ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛਿਓਂ ਮਿਲੀ ਹੈ। ਉਨਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱਢਿਆ ਹੋਇਆ ਹੈ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ ਹਾਕਮ ਸਿੰਘ ਦੀ ਮਿਰਤਕ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ ’ਚ ਰੱਖਿਆ ਹੋਇਆ ਹੈ।