ਅਸ਼ੋਕ ਵਰਮਾ
ਚੰਡੀਗੜ੍ਹ, 4 ਅਪਰੈਲ 2021 - ਇਨਕਲਾਬੀ ਕੇਂਦਰ ਪੰਜਾਬ ਨੇ ਕਿਸਾਨ ਆਗੂ ਰਕੇਸ਼ ਟਿਕੈਤ ਤੇ ਰਾਜਸਥਾਨ ਦੇ ਸ਼ਹਿਰ ਅਲਵਰ ਵਿਖੇ ਗੁੰਡਿਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੂੰ ਮੋਦੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਕਰਾਰ ਦਿੰਦਿਆਂ ਇਸ ਦੀ ਸਖਤ ਸ਼ਬਦਾਂ ’ਚ ਨਿਖੇਧੀ ਅਤੇ ਅਜਿਹੀਆਂ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ ਹੈ। ਇਨਕਲਾਬੀ ਕੇਂਦਰ,ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਇਹ ਹਮਲਾ ਰਕੇਸ਼ ਟਿਕੈਤ ਉੱਪਰ ਜਿਸਮਾਨੀ ਹੋਣ ਦੇ ਨਾਲ ਨਾਲ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮੋਦੀ ਹਕੂਮਤ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਲੰਬੇ ਸਮੇਂ ਤੋਂ ਜੂਝ ਰਹੀ ਕਿਸਾਨ ਲਹਿਰ ਤੇ ਬੋਲਿਆ ਗਿਆ ਯੋਜਨਾਬੱਧ ਅਤੇ ਸਾਜਿਸ਼ੀ ਹੱਲਾ ਹੈ ਜਿਸ ਦਾ ਮੁਲਕ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ।
ਉਨ੍ਹਾਂ ਕਿਹਾ ਕਿ ਧੌਂਸਬਾਜ ਨੀਤੀ ਵਿੱਚੋਂ ਨਿਕਲਿਆ ਇਹ ਹਮਲਾ ਮੋਦੀ ਹਕੂਮਤ ਦਾ ਅਜਿਹਾ ਹੀ ਹੱਥਕੰਡਾ ਹੈ ਜੋਕਿ ਗੁੰਡਿਆਂ ਰਾਹੀਂ ਵਿਦਿਆਰਥੀ ਜਥੇਬੰਦੀਆਂ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਕਰਵਾ ਚੁਕੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਲਾਲ ਕਿਲੇ ਵਾਲੀ ਘਟਨਾ ਤੋਂ ਫੌਰੀ ਬਾਅਦ ਟਿਕਰੀ ਅਤੇ ਸਿੰਘੂ ਬਾਰਡਰ ਤੇ ਵੀ ਅਜਿਹੇ ਹੀ ਹੋਛੇ ਹਥਕੰਡੇ ਅਪਣਾਏ ਸਨ ਜਿੰਨ੍ਹਾਂ ਤੋ ਭਰ ਕੇ ਪਿੱਛੇ ਹਟਣ ਦੀ ਬਜਾਏ ਕਿਸਾਨ ਸੰਘਰਸ਼ ਹੋਰ ਵੀ ਪ੍ਰਚੰਡ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੋਦੀ ਹਕੂਮਤ ਨੂੰ ਆਰ ਐਸ ਐਸ ਵਰਗੀ ਫਿਰਕੂ ਤਾਕਤ ਦਾ ਥਾਪੜਾ ਹੋਣ ਕਰਕੇ ਉਸ ਦਾ ਕਿਰਦਾਰ ਗੁੰਡਾਗਰਦੀ ਦੇ ਬਦਨਾਮ ਕਾਰਨਾਮਿਆਂ ਨਾਲ ਗੜੁੱਚ ਹੈ ਜਿਸ ਦੀ ਸੰਘਰਸ਼ਸ਼ੀਲ ਹਿੱਸਿਆਂ ਨੇ ਨਾਂ ਕਦੇ ਪਹਿਲਾਂ ਪਰਵਾਹ ਕੀਤੀ ਹੈ ਤੇ ਨਾਂ ਹੀ ਹੁਣ ਕਰਨਗੇ।
ਉਨ੍ਹਾਂ ਕਿਹਾ ਕਿ ਕਿਸਾਨ ਲਹਿਰ ਦੇ ਆਗੂ ਤੇ ਬੀਜੇਪੀ ਵੱਲੋਂ ਕਰਵਾਇਆ ਜਾਨਲੇਵਾ ਹਮਲਾ ਬੜਾ ਮਹਿੰਗਾ ਸਾਬਤ ਹੋਵੇਗਾ ਅਤੇ ਮੋਦੀ ਹਕੂਮਤ ਤੇ ਸੰਘੀਆਂ ਦੇ ਹਮਲੇ ਸਮੇਂ ਨੂੰ ਚੁਣੌਤੀ ਵਜੋਂ ਲੈਂਦਾ ਹੋਇਆ ਕਿਸਾਨ ਸੰਘਰਸ਼ ਹੋਰ ਵੱਧ ਮਜਬੂਤੀ ਨਾਲ ਅੱਗੇ ਵਧਾਇਆ ਜਾਏਗਾ। ਉਨ੍ਹਾਂ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇਸ ਹਮਲੇ ਦਾ ਵਿਸ਼ਾਲ ਘੇਰੇ ਵਾਲਾ ਤਿੱਖਾ ਜਥੇਬੰਦਕ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਬਿਨਾਂ ਕਿਸੇ ਭੜਕਾਹਟ ਦੇ ਅਜਿਹੇ ਜਿਸਮਾਨੀ ਹਮਲਿਆਂ ਦਾ ਜਵਾਬ ਸੰਘਰਸ਼ ਦੀ ਧਾਰ ਸਹੀ ਨਿਸ਼ਾਨੇ ਵੱਲ ਸੇਧਿਤ ਕਰਦਿਆਂ ਦੇਣਾ ਚਾਹੀਦਾ ਹੈ। ਉਨ੍ਹਾਂ ਸਭਨਾਂ ਇਨਸਾਫ ਪਸੰਦ ਜਮਹੂਰੀ ਸਕਤੀਆਂ ਨੂੰ ਵੀ ਮੋਦੀ ਹਕੂਮਤ ਦੇ ਅਜਿਹੇ ਜਾਬਰ ਫਾਸ਼ੀ ਕਦਮਾਂ ਦਾ ਸਖਤ ਵਿਰੋਧ ਕਰਨ ਅਤੇ ਸੰਘਰਸ਼ ਦੀ ਮਜਬੂਤ ਉਸਾਰੀ ਲਈ ਵੀ ਯਤਨ ਤੇਜ ਕਰਨ ਦੀ ਅਪੀਲ ਵੀ ਕੀਤੀ ਹੈ।