ਅਸ਼ੋਕ ਵਰਮਾ
ਬਠਿੰਡਾ, 2 ਅਪਰੈਲ 2021 - ਬਠਿੰਡਾ ਪੁਲਿਸ ਮਲੋਟ ’ਚ ਭਾਰਤੀ ਜੰਤਾ ਪਾਰਟੀ ਦੇ ਵਿਧਾਇਕ ਅਬੁਣ ਨਾਰੰਗ ਤੇ ਕਥਿਤ ਹਮਲੇ ਨੂੰ ਲੈਕੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਬਠਿੰਡਾ ਦੇ ਆਰੀਆ ਸਮਾਜ ਚੌਂਕ ’ਚ ਰੱਖੀ ਭੁੱਖ ਹੜਤਾਲ ਨਾਂ ਹੋਣ ਦਿੱਤੀ। ਅੱਜ ਇਸ ਹਮਲੇ ਨੂੰ ਲੈਕੇ ਵਿਰੋਧ ਵਜੋਂ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਜਿੰਦਲ,ਜਿਲ੍ਹਾ ਜੱਥੇਬੰਦਕ ਸਕੱਤਰ ਅਰਪਣ ਬਾਗੜੀ ਅਤੇ ਸ਼ਿਵਸੈਨਾ ਆਗੂ ਪਰਮਵੀਰ ਗੁਪਤਾ ਨੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਜਿੰਨ੍ਹਾਂ ਨੂੰ ਅੱਜ ਸਵੇਰ ਵਕਤ ਪੁਲਿਸ ਨੇ ਘਰਾਂ ’ਚ ਨਜ਼ਰਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਦੇਰ ਸ਼ਾਮ ਤੱਕ ਪੁਲਿਸ ਇੰਨ੍ਹਂ ਹਿੰਦੂ ਲੀਡਰਾਂ ਦੇ ਘਰਾਂ ਅੱਗੇ ਡਟੀ ਰਹੀ ਤਾਂ ਜੋ ਉਹ ਭੁੱਖ ਹੜਤਾਲ ਤੇ ਨਾਂ ਬੈਠ ਸਕਣ। ਸੁਸ਼ੀਲ ਜਿੰਦਲ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਆੜ ਹੇਠ ਕੁੱਝ ਗੁੰਡੇ ਸਮਾਜ ’ਚ ਅਸ਼ਾਂਤੀ ਫੈਲਾਉਣ ਦੀ ਸਾਜਿਸ਼ ਰਚ ਰਹੇ ਹਨ ਜਿਸ ਤਹਿਤ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਚਿੰਤਾ ਜਤਾਈ ਕਿ ਅਜਿਹੀਆਂ ਕੱਟੜ ਤਾਕਤਾਂ ਨੂੰ ਨਾਂ ਰੋਕਿਆ ਗਿਆ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਕਾਲੇ ਦਿਨਾਂ ਦਾ ਸੰਤਾਪ ਹੰਢਾਇਆ ਹੈ ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਹਿੰਦੂ ਆਗੂਆਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਵੀ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਮੂਕਦਰਸ਼ਕ ਬਣੀਆਂ ਹੋਈਆਂ ਹਨ। ਉਨ੍ਹਾਂ ਅਰੁਣ ਨਾਰੰਗ ਦੇ ਹਮਲਾਵਰਾਂ ਦੀ ਪਛਾਣ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਓਧਰ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਸ਼ਿਵ ਸੈਨਾ ਆਗੂ ਝੂਠ ਬੋਲ ਰਹੇ ਹਨ। ਉਨ੍ਹਾਂ ਆਖਿਆ ਕਿ ਪੁਲਿਸ ਨੇ ਕਿਸੇ ਨੂੰ ਵੀ ਭੁੱਖ ਹੜਤਾਲ ਜਾਂ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਿਆ ਹੈ।