ਅਸ਼ੋਕ ਵਰਮਾ
ਨਵੀਂ ਦਿੱਲੀ , 23 ਮਾਰਚ 2021 - ਮੋਦੀ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨਾਂ ਰਾਹੀਂ ਜ਼ਮੀਨਾਂ, ਰੁਜ਼ਗਾਰ ਤੇ ਰੋਟੀ ਖੋਹਣ ਲਈ ਬੋਲੇ ਗਏ ਸਾਮਰਾਜੀ ਹੱਲੇ ਦਾ ਮੂੰਹ ਮੋੜਨ ਲਈ ਜਾਤਾਂ, ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਤੇ ਜਾਬਤਾਬੱਧ ਕਿਸਾਨ ਲਹਿਰ ਦੀ ਉਸਾਰੀ ਦੇ ਕਾਰਜ ਨੂੰ ਹੋਰ ਅੱਗੇ ਵਧਾਉਣਾ ਹੀ 23 ਮਾਰਚ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਟਿੱਕਰੀ ਬਾਰਡਰ 'ਤੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੜੇ ਨੌਜਵਾਨਾਂ ਤੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਕੀਤਾ ਗਿਆ।
ਉਹਨਾਂ ਐਲਾਨ ਕੀਤਾ ਕਿ ਆਪਣੇ ਕੌਮੀ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਮੋਰਚਾ ਜ਼ਾਰੀ ਰੱਖਿਆ ਜਾਵੇਗਾ।ਉਹਨਾਂ ਕਿਹਾ ਕਿ ਸ਼ਹੀਦਾਂ ਵੱਲੋਂ ਲੁੱਟ ਜਬਰ ਤੋਂ ਮੁਕਤ ਕਿਸਾਨਾਂ ਮਜ਼ਦੂਰਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੇ ਸੁਪਨੇ ਦੀ ਪੂਰਤੀ ਲਈ ਉਹਨਾਂ ਦੀ ਜਥੇਬੰਦੀ ਸੰਗਰਾਮੀ ਜੱਦੋ-ਜਹਿਦ ਲਗਾਤਾਰ ਜਾਰੀ ਰੱਖੇਗੀ। ਸ੍ਰੀ ਕੋਕਰੀ ਕਲਾਂ ਨੇ ਆਖਿਆ ਕਿ ਮੌਜੂਦਾ ਕਿਸਾਨ ਸੰਘਰਸ਼ ਦੇ ਵੇਗ ਨੂੰ ਡੱਕਣ ਲਈ ਮੋਦੀ ਸਰਕਾਰ ਵਲੋਂ ਫਿਰਕੂ ਤਾਕਤਾਂ ਨਾਲ਼ ਮਿਲਕੇ ਇਸ ਘੋਲ 'ਤੇ ਇੱਕ ਖਾਸ ਫਿਰਕੇ ਦੇ ਸੰਘਰਸ਼ ਦਾ ਠੱਪਾ ਲਾਉਣ ਰਾਹੀਂ ਕਿਸਾਨਾਂ 'ਚ ਫਿਰਕੂ ਵੰਡੀਆਂ ਪਾਉਣ ਅਤੇ ਕਿਸਾਨ ਆਗੂਆਂ ਸਮੇਤ ਕਿਸਾਨਾਂ ਨੂੰ ਪੁਲਿਸ ਤਸ਼ੱਦਦ ਦਾ ਨਿਸ਼ਾਨਾ ਬਨਾਉਣ ਦੇ ਖੋਰੀ ਤੇ ਖੋਟੇ ਮਨਸੂਬੇ ਸ਼ਹੀਦਾਂ ਦੇ ਵਾਰਸ ਨੌਜਵਾਨਾਂ ਤੇ ਕਿਸਾਨਾਂ ਮਜ਼ਦੂਰਾਂ ਨੇ ਇੱਕ ਵਾਰ ਫੇਲ੍ਹ ਕਰ ਦਿਤੇ ਹਨ ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਸਰਕਾਰ ਬਰਤਨਾਵੀ ਸਾਮਰਾਜ ਤੋਂ ਵਿਰਾਸਤ 'ਚ ਹਾਸਲ ਕੀਤੀ 'ਪਾੜੋ ਤੇ ਰਾਜ ਕਰੋ' ਦੀ ਨੀਤੀ 'ਤੇ ਚੱਲ ਰਹੀ ਹੈ, ਜਿਨ੍ਹਾਂ ਤੋਂ ਮੁਕਤੀ ਲਈ ਸਾਡੇ ਸ਼ਹੀਦਾਂ ਨੇ ਜਾਨਾਂ ਕੁਰਬਾਨ ਕੀਤੀਆਂ ਸਨ। ਉਹਨਾਂ ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਨੌਜਵਾਨਾਂ ਦੀ ਵਿਸ਼ਾਲ ਸ਼ਮੂਲੀਅਤ 'ਤੇ ਤਸੱਲੀ ਜ਼ਾਹਰ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਸਾਮਰਾਜੀ ਮੁਲਕਾਂ ਤੇ ਸੰਸਥਾਵਾਂ ਵੱਲੋਂ ਘੜੀਆਂ ਨਿੱਜੀਕਰਨ ,ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਦੇਸ਼ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸੰਘਰਸ਼ ਦੌਰਾਨ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਵੱਲੋਂ ਅਨੇਕਾਂ ਦੁਸ਼ਵਾਰੀਆਂ ਝੱਲਦੇ ਹੋਏ ਸਿਰੜੀ ਘੋਲ਼ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਰਾਹੀਂ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ।
ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਤੇ ਪੀ ਐਸ ਯੂ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਆਖਿਆ ਕਿ ਮੋਦੀ ਸਰਕਾਰ ਸਮੇਤ ਹੁਣ ਤੱਕ ਦੀਆਂ ਸਭਨਾਂ ਸਰਕਾਰਾਂ ਵੱਲੋਂ ਸਾਮਰਾਜ ਤੇ ਸਰਮਾਏਦਾਰਾਂ ਪੱਖੀ ਨੀਤੀਆਂ ਲਾਗੂ ਕਰਨ ਦੇ ਸਿੱਟੇ ਵਜੋਂ ਨੌਜਵਾਨ ਬੇਰੁਜ਼ਗਾਰੀ ਤੇ ਅਨਪੜ੍ਹਤਾ ਦਾ ਸੰਤਾਪ ਹੰਢਾ ਰਹੇ ਹਨ। ਇਹ ਸੰਤਾਪ ਕਾਲੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਹੋਰ ਜ਼ਿਆਦਾ ਵਧੇਗਾ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਭਗਤੀ ਦੇ ਨਾਂਅ ਹੇਠ ਦੇਸ਼ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਜ਼ਬਰੀ ਚੂੰਡ ਚੂੰਡ ਕੇ ਭਰੇ ਖ਼ਜ਼ਾਨੇ ਨਾਲ ਉਸਾਰੇ ਅਦਾਰਿਆਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਰਾਹੀਂ ਦੇਸ਼ ਦੇ ਲੋਕਾਂ ਨਾਲ਼ ਧ੍ਰੋਹ ਕਮਾ ਰਹੀ ਹੈ। ਉਲਟਾ ਜੁਝਾਰੂ ਕਿਸਾਨਾਂ ਤੇ ਕਿਸਾਨ ਆਗੂਆਂ ਖਿਲਾਫ਼ ਦੇਸ਼ਧ੍ਰੋਹੀ ਦੇ ਝੂਠੇ ਕੇਸ ਮੜ੍ਹੇ ਜਾ ਰਹੇ ਹਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਸੰਨ ਸੰਤਾਲੀ ਦੀ ਸੱਤਾ ਬਦਲੀ ਦੇ 74 ਵਰ੍ਹਿਆਂ ਬਾਅਦ ਵੀ ਤਰੱਕੀ ਤੇ ਖੁਸ਼ਹਾਲੀ ਦੀ ਥਾਂ ਦੇਸ਼ ਗ਼ਰੀਬੀ, ਮਹਿੰਗਾਈ,ਬੇਰੁਜ਼ਗਾਰੀ, ਕਰਜ਼ੇ ਤੇ ਖੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਦਾ ਸੰਤਾਪ ਹੰਢਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਮੱਸਿਆਵਾਂ ਦਾ ਕਾਰਨ ਦੇਸ਼ ਉੱਤੇ ਸਾਮਰਾਜੀ ਤੇ ਜਗੀਰੂ ਲੁੱਟ ਅਤੇ ਦਾਬੇ ਦਾ ਜਿਉਂ ਦਾ ਤਿਉਂ ਕਾਇਮ ਰਹਿਣਾ ਹੈ।ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਇਸੇ ਲੁੱਟ ਨੂੰ ਹੋਰ ਤੇਜ਼ ਕਰਨ ਲਈ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ, ਪੱਲੇਦਾਰਾਂ ਤੇ ਹੋਰਨਾਂ ਖਪਤਕਾਰਾਂ ਨੂੰ ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖਮਰੀ ਦੇ ਜਬਾੜ੍ਹਿਆਂ ‘ਚ ਹੋਰ ਤੇਜ਼ੀ ਨਾਲ ਧੱਕਣਗੇ।
ਉਹਨਾਂ ਨੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਜ਼ਾਤਪਾਤੀ ਫਿਰਕੂ ਵੰਡ ਵਖਰੇਵਿਆਂ ਨੂੰ ਭੰਨਕੇ ਮਜ਼ਦੂਰਾਂ ਕਿਸਾਨਾਂ, ਸ਼ਹਿਰੀ ਗਰੀਬਾਂ ਤੇ ਖਪਤਕਾਰਾਂ ਦੀ ਸਾਂਝੀ ਲਹਿਰ ਉਸਾਰਨ ਦੀ ਲੋੜ 'ਤੇ ਜ਼ੋਰ ਦਿੱਤਾ।ਇਸ ਮੌਕੇ ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਜਗੀਰੂ ਮਾਨਸਿਕਤਾ ਤੋਂ ਖਹਿੜਾ ਛੁੜਾ ਕੇ ਔਰਤਾਂ ਨੂੰ ਕਿਸਾਨ ਲਹਿਰ 'ਚ ਹੋਰ ਵਧੇਰੇ ਸ਼ਮੂਲੀਅਤ ਕਰਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸਾਨ ਔਰਤਾਂ ਨੇ ਮੌਜੂਦਾ ਸੰਘਰਸ਼ ਤੋਂ ਪਹਿਲਾਂ ਵੀ ਅਨੇਕਾਂ ਘੋਲਾਂ 'ਚ ਆਪਣੇ ਦਮ- ਖ਼ਮ ਦਾ ਮੁਜ਼ਾਹਰਾ ਕਰਦਿਆਂ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਕਿਸਾਨ ਲਹਿਰ ਦਾ ਜੁਝਾਰੂ ਦਸਤਾ ਹਨ।ਇਸ ਮੌਕੇ ਨੌਜੁਆਨ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਤਰਨਤਾਰਨ ਦੇ ਆਗੂ ਹੁਸ਼ਿਆਰ ਸਿੰਘ ਨੇ ਸੰਬੋਧਨ ਕੀਤਾ।
ਇਸ ਸਮੇਂ ਉੱਘੇ ਸ਼ਾਇਰ ਤੇ ਸਾਇੰਸਦਾਨ ਗੌਹਰ ਰਜ਼ਾ ਨੇ ਆਪਣੀ ਨਜ਼ਮ " ਨਯਾ ਲਿਬਾਸ ਪਹਿਨ ਕਰ ਯੇਹ ਕਿਓਂ ਸਮਝਤੇ ਹੋ ਕੇ, ਸਾਰੇ ਖ਼ੂਨ ਕੇ ਧੱਬੋ ਕੋ ਤੁਮ ਛੁਪਾ ਲੋਗੇ" ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਵਿਅੰਗ ਕਸੇ। ਉਘੀ ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਤੇ ਰੰਗਕਰਮੀ ਸ਼ਬਨਮ ਹਾਸ਼ਮੀ, ਸਮੇਤ ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾ ਆਗੂ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ,ਅਮਰੀਕ ਸਿੰਘ ਗੰਢੂਆਂ, ਜਸਵੰਤ ਸਿੰਘ ਸਦਰਪੁਰ,ਬਸੰਤ ਸਿੰਘ ਕੋਠਾਗੁਰੂ, ਗੁਰਭਗਤ ਸਿੰਘ ਭਲਾਈਆਣਾ , ਅਮਰਜੀਤ ਸਿੰਘ ਸੈਦੋਕੇ , ਜਰਨੈਲ ਸਿੰਘ ਬਦਰਾ, ਜਗਸੀਰ ਸਿੰਘ ਦੋਦੜਾ, ਗੁਰਪ੍ਰੀਤ ਸਿੰਘ ਨੂਰਪੁਰਾ, ਸੱਤਪਾਲ ਸਿੰਘ, ਡਾਕਟਰ ਕੁਲਦੀਪ ਸਿੰਘ ਤੇ ਸੁਖਵੰਤ ਸਿੰਘ ਵਲਟੋਹਾ ਆਦਿ ਆਗੂਆਂ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।