ਅਸ਼ੋਕ ਵਰਮਾ
ਮਲੋਟ,27 ਮਾਰਚ2021:ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋੋਧ ਦੇ ਚੱਲਦਿਆਂ ਅੱਜ ਕਿਸਾਨਾਂ ਨੇ ਮਲੋਟ ’ਚ ਪੰਜਾਬ ਦੀ ਕੈਪਟਨ ਸਰਕਾਰ ਦੇ ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਕਟਹਿਰੇ ’ਚ ਖੜ੍ਹੀ ਕਰਨ ਲਈ ਭਾਰਤੀ ਜੰਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਚੰਗੀ ਖਿੱਚ ਧੂਹ ਕੀਤੀ ਅਤੇ ਕੱਪੜੇ ਤੱਕ ਪਾੜ ਦਿੱਤੇ। ਇਸ ਮੌਕੇ ਭੜਕੇ ਲੋਕਾਂ ਨੇ ਕਾਲਾ ਤੇਲ ਸੁੱਟਿਆ, ਬੀਜੇਪੀ ਦਫਤਰ ਦੇ ਫਲੈਕਸ ਬੋਰਡ ਪਾੜ ਦਿੱਤੇ , ਕੁਰਸੀਆਂ ਤੋੜੀਆਂ ਅਤੇ ਟਾਇਰਾਂ ਨੂੰ ਅੱਗ ਲਾਕੇ ਗੁੱਸਾ ਕੱਢਿਆ। ਕਿਸਾਨਾਂ ਦਾ ਵਿਰੋਧ ਹੀ ਐਨਾ ਜਿਆਦਾ ਤਿੱਖਾ ਸੀ ਕਿ ਨਾਰੰਗ ਅਤੇ ਉਸ ਦੇ ਸਾਥੀਆਂ ਨੂੂੰ ਕਿਸਾਨਾਂ ਤੋਂ ਬਚਾਉਣ ਦੇ ਚੱਕਰ ’ਚ ਪੁਲਿਸ ਦੇ ਛੱਕੇ ਛੁੱਟ ਗਏ। ਇਸ ਘਟਨਾਂ ਦੀ ਸੂਚਨਾ ਮਿਲਦਿਆਂ ਕਿਸਾਨਾਂ ਦਾ ਮਲੋਟ ’ਚ ਵੱਡਾ ਜਮਾਵੜਾ ਲੱਗਿਆ ਬਣ ਗਿਆ ਜਿਸ ਕਰਕੇ ਮਹੌਲ ਤਣਾਅ ਪੂਰਨ ਬਣਿਆ ਹੋਇਆ ਹੈ।
ਭਾਵੇਂ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਪੰਜਾਬ ਭਰ ’ਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਹਨਪਰ ਇਸ ਤਰਾਂ ਦੀ ਇਹ ਪਹਿਲੀ ਘਟਨਾਂ ਹੈ ਜਿਸ ’ਚ ਬੀਜੇਪੀ ਵਿਧਾਇਕ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਪੰਜਾਬ ’ਚ ਕਾਂਗਰਸ ਸਰਕਾਰ ਦੇ ਚਾਰ ਸਾਲਾਂ ਦੇ ਰਾਜ ਦੀਆਂ ਕਥਿਤ ਨਾਕਾਮੀਆਂ ਦੱਸਣ ਲਈ ਭਾਜਪਾ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਬੀਜੇਪੀ ਵਿਧਾਇਕ ਦੇ ਮਲੋਟ ਪੁੱਜਣ ਦੀ ਕਨਸੋਅ ਮਿਲਦਿਆਂ ਕਿਸਾਨ ਪੁੱਜਣੇ ਸ਼ੁਰੂ ਹੋ ਗਏ।
ਇਸੇ ਦੌਰਾਨ ਵੱਡੇ ਹਜੂਮ ਨੇ ਭਾਜਪਾ ਦੇ ਦਫ਼ਤਰ ਨੂੰ ਘੇਰਾ ਪਾ ਲਿਆ ਅਤੇ ਧਰਨਾ ਲਾ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ਼ੁਰੂ ਸ਼ੁਰੂ ’ਚ ਭਾਵੇਂ ਕਿਸਾਨਾਂ ਦਾ ਗੁੱਸਾ ਆਮ ਦੀ ਤਰਾਂ ਹੀ ਸੀ ਪਰ ਵਿਧਾਇਕ ਅਰੁਣ ਨਾਰੰਗ ਦੇ ਕਾਰ ਤੋਂ ਹੇਠਾਂ ਉੱਤਰਨ ਸਾਰ ਕਿਸਾਨਾਂ ਦਾ ਪਾਰਾ ਚੜ੍ਹ ਗਿਆ ਅਤੇ ਤਕਰਾਰ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਕਿਸੇ ਨੇ ਵਿਧਾਇਕ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਾਲਖ ਸੁੱਟ ਦਿੱਤੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵਿਧਾਇਕ ਅਤੇ ਉਸ ਦੇ ਸਾਥੀ ਨਜ਼ਦੀਕ ਪੈਂਦੀ ਇੱਕ ਦੁਕਾਨ ’ਚ ਦਾਖਲ ਹੋ ਗਏ। ਇਸ ਦੌਰਾਨ ਕਿਸਾਨਾਂ ਨੇ ਉਸ ਦੁਕਾਨ ਅੱਗੇ ਧਰਨਾ ਲਾ ਦਿੱਤਾ ਅਤੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਕਰੀਬ ਇੱਕ ਘੰਟੇ ਬਾਅਦ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਜਦੋਂ ਪੁਲਿਸ ਨੇ ਵਿਧਾਇਕ ਅਰੁਣ ਨਾਰੰਗ ਤੇ ਉਸ ਦੇ ਸਾਥੀਆਂ ਨੂੰ ਉਨ੍ਹਾਂ ਨੂੰ ਭੀੜ ਵਿੱਚੋਂ ਕੱਢ ਕੇ ਸੁਰੱਖਿਅਤ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਅਤੇ ਭਰਾਤਰੀ ਧਿਰਾਂ ਦੇ ਬੰਦਿਆਂ ਨੇ ਹੱਲਾ ਬੋਲ ਦਿੱਤਾ। ਇਸੇ ਦੌਰਾਨ ਹਜ਼ੂਮ ਟੁੱਟ ਕੇ ਪੈ ਗਿਆ ਅਤੇ ਵਿਧਾਇਕ ਅਰੁਣ ਨਾਰੰਗ ਤੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਕੁੱਟ ਮਾਰ ਕੀਤੀ ਜਦੋਂਕਿ ਅਰੁਣ ਨਾਰੰਗ ਨੂੰ ਨਿਰਵਸਤਰ ਕਰ ਦਿੱਤਾ।
ਇਸ ਮੌਕੇ ਡੀਐਸਪੀ ਜਸਪਾਲ ਸਿੰਘ, ਐਸਐਚਓ ਥਾਣਾ ਸਿਟੀ ਹਰਜੀਤ ਸਿੰਘ ਮਾਨ, ਥਾਣਾ ਸਦਰ ਦੇ ਐਸਐਚਓ ਪਰਮਜੀਤ ਸਿੰਘ ਅਤੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮਾਂ ਦੀ ਹਾਜਰੀ ’ਚ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੀ ਗੱਡੀ ਦੇ ਚਾਰੇ ਪਾਸੇ ਵੀ ਕਾਲਖ ਮਲ ਦਿੱਤੀ। ਸ਼ਹਿਰ ’ਚ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕਰ ਦਿੱਤੀ ਗਈ ਹੈ ਜਦੋਂਕਿ ਕਿਸਾਨ ਅਤੇ ਹੋਰ ਲੋਕ ਵੀ ਮੌਕੇ ਤੋਂ ਚਲੇ ਗਏ ਹਨ। ਇਸ ਮਾਮਲੇ ਸਬੰਧੀ ਸੰਪਰਕ ਕਰਨ ਤੇ ਐਸ ਐਸ ਪੀ ਮੁਕਤਸਰ ਡੀ ਸੁਡਰਵਿਜ਼ੀ ਨੇ ਫੋਨ ਨਹੀਂ ਚੱਕਿਆ।
ਮੁਕੱਦਮਾ ਦਰਜ ਕਰਾਂਗੇ:ਡੀ ਐਸ ਪੀ ਮਲੋਟ
ਵਿਧਾਇਕ ਅਰੁਣ ਨਾਰੰਗ ਅਤੇ ਉਸ ਦੇ ਸਾਥੀਆਂ ਨਾਲ ਕੀਤੀ ਕੁੱਟਮਾਰ ਦੇ ਮਾਮਲੇ ’ਚ ਮਲੋਟ ਪੁਲਿਸ ਵੱੱਲੋਂ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਡੀ ਐਸ ਪੀ ਮਲੋਟ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧ ’ਚ ਕੁੱਟ ਵਿਅਕਤੀਆਂ ਨੂੰ ਨਾਮਜਦ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬ ’ਚ ਅਮਨ ਕਾਨੂੰਨ ਨਿਘਰਿਆ: ਸਰਾਂ
ਭਾਰਤੀ ਜੰਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਸਰਾਂ ਦਾ ਕਹਿਣਾ ਸੀ ਕਿ ਇਹ ਗੁੰਡਾਗਰਦੀ ਦੀ ਹੱਦ ਹੈ ਜੋ ਕਿਸਾਨ ਸੰਘਰਸ਼ ਦੀ ਆੜ ’ਚ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇੱਕ ਵਿਧਾਇਕ ਤੇ ਇਸ ਤਰਾਂ ਹਮਲਾ ਕੀਤਾ ਜਾਣਾ ਜਾਹਰ ਕਰਦਾ ਹੈ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਨਿਘਰ ਗਈ ਹੈ। ਵਿਧਾਇਕ ਅਰੁਣ ਨਾਰੰਗ ਤੇ ਹਮਲੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਜਾਣ ਬੁੱਝ ਕੇ ਮਹੌਲ ਖਰਾਬ ਕਰਨ ਦੀ ਸਾਜਿਸ਼ ਹੈ ਜਿਸ ਕਰਕੇ ਕਾਂਗਰਸ ਸਰਕਾਰ ਅਜਿਹੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ’ਚ ਦਹਿਸ਼ਤ ਪਾਉਣ ਲਈ ਬੀਜੇਪੀ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
https://www.youtube.com/watch?v=Vfbj6zvKGbs