ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2021 - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਤਿੰਨ ਨਵੇਂ ਖੇਤੀ ਕਾਨੂੰਨ , ,ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਤੇ ਜੁਰਮਾਨੇ ਵਾਲਾ ਕਾਨੂੰਨ ਰੱਦ ਕਰਵਾਉਣ ,ਸਾਰੇ ਰਾਜਾਂ ਵਿੱਚ ਸਾਰੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਸਰਕਾਰੀ ਖ਼ਰੀਦ ਦੀ ਸੰਵਿਧਾਨਕ ਗਾਰੰਟੀ ਲਈ ਦਿੱਲੀ ਮੋਰਚੇ ਨੂੰ ਚਾਰ ਮਹੀਨੇ ਹੋਣ ਤੇ ਵੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਭਾਰਤ ਬੰਦ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਬਠਿੰਡਾ ਬਾਦਲ ਰੋਡ ਤੇ ਘੁੱਦਾ ,ਬਠਿੰਡਾ ਅੰਮ੍ਰਿਤਸਰ ਰੋਡ ਤੇ ਜੀਦਾ, ਬਠਿੰਡਾ ਚੰਡੀਗਡ਼੍ਹ ਰੋਡ ਤੇ ਲਹਿਰਾਬੇਗਾ ਅਤੇ ਰਾਮਪੁਰਾ ,ਬਾਜਾਖਾਨਾ ਬਰਨਾਲਾ ਰੋਡ ਤੇ ਭਗਤਾ ਵਿਖੇ ਗਿਆਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਸੜਕ ਜਾਮ ਲਾਇਆ ਅਤੇ ਬਠਿੰਡਾ ਜੀਂਦ ਰੇਲਵੇ ਟਰੈਕ ਤੇ ਮੌੜ ਮੰਡੀ ਓਵਰ ਬਰਿੱਜ ਥੱਲੇ ਰੇਲਵੇ ਲਾਈਨ ਤੇ ਵੀ ਛੇ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਧਰਨਾ ਦਿੱਤਾ ਗਿਆ।
ਅੱਜ ਦੇ ਇਕੱਠਾਂ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਭਰਵੀਂ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਮੋਰਚੇ ਵਿਚ ਡਟੇ ਹੋਏ ਕਿਰਤੀ ਲੋਕਾਂ ਦਾ ਹੌਂਸਲਾ ਛੇ ਮਹੀਨੇ ਪਹਿਲਾਂ ਵਾਂਗ ਬਰਕਰਾਰ ਹੈ। ਲੋਕ ਗਰਮੀ ਦੇ ਮੌਸਮ ਦੀਆਂ ਤਿਆਰੀਆਂ ਕਰਕੇ ਮੋਰਚਿਆਂ ਵਿੱਚ ਡਟ ਰਹੇ ਹਨ। ਮੋਦੀ ਹਕੂਮਤ ਵੱਲੋਂ ਥਕਾਉਣ ਹੰਭਾਉਣ ਦਾ ਲਿਆ ਪੈਂਤੜਾ ਲੋਕ ਕਿਸੇ ਵੀ ਹਾਲਤ ਵਿੱਚ ਸਫ਼ਲ ਨਹੀਂ ਹੋਣ ਦੇਣਗੇ ਅਤੇ ਮੰਗਾਂ ਪੂਰੀਆਂ ਕਰਵਾ ਕੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ ।
ਇਸ ਮੌਕੇ ਬੋਲਦਿਆਂ ਪਰਮਜੀਤ ਕੌਰ ਪਿੱਥੋ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਮੋਦੀ ਸਰਕਾਰ ਸਾਮਰਾਜੀਆਂ ਨਾਲ ਵਫ਼ਾ ਨਿਭਾ ਤੇ ਆਂਚ ਨਹੀਂ ਆਉਣ ਦੇਣਾ ਚਾਹੁੰਦੀ ਇਸ ਕਰ ਕੇ ਐਡੇ ਵੱਡੇ ਕਿਸਾਨ ਅੰਦੋਲਨ ਦੀਆਂ ਮੰਗਾਂ ਪ੍ਰਤੀ ਵੀ ਪਿੱਠ ਮੋੜੀ ਖੜ੍ਹੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਸਾਮਰਾਜੀਆਂ ਨਾਲ ਕੀਤੀਆਂ ਹੋਈਆਂ ਸੰਧੀਆਂ ਨੂੰ ਲਾਗੂ ਕਰਨ ਲਈ ਜ਼ੋਰ ਲਾਉਂਦੀਆਂ ਹਨ ਪਰ ਮੋਦੀ ਹਕੂਮਤ ਵੱਡਾ ਵਿਰੋਧ ਝੱਲ ਕੇ ਵੀ ਸਾਮਰਾਜੀਆਂ ਨਾਲ ਵਫ਼ਾ ਪੁਗਾਉਣ ਲਈ ਤਹੂ ਹੈ ਕਿਉਂ ਜੋ ਉਹ ਫ਼ਿਰਕਾਪ੍ਰਸਤੀ ਦੇ ਹਥਿਆਰ ਨਾਲ ਲੋਕ ਲਹਿਰਾਂ ਨੂੰ ਲੀਹ ਤੋਂ ਲਾਹੁਣ ਵਿੱਚ ਆਪਣੇ ਆਪ ਨੂੰ ਮਾਹਿਰ ਅਤੇ ਲੋਕਾਂ ਨੂੰ ਅੰਨ੍ਹੇ ਕੌਮ ਹੰਕਾਰ ਦੀ ਗੁੜ੍ਹਤੀ ਰਾਹੀਂ ਸਵਾਉਣ ਵਿੱਚ ਮੁਹਾਰਤ ਸਮਝਦੀ ਹੈ। ਪਰ ਇਸ ਮੌਕੇ ਉਸ ਦਾ ਵਾਹ ਜਾਗ੍ਰਿਤ ਹੋਈ ਕਿਸਾਨ ਲਹਿਰ ਨਾਲ ਪਿਆ ਹੈ ਜਿਸ ਕਰਕੇ ਉਸ ਦੇ ਸਾਰੇ ਹਥਿਆਰ ਬੇਅਸਰ ਹੋ ਰਹੇ ਹਨ ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਦਰਸ਼ਨ ਸਿੰਘ ਮਾਈਸਰਖਾਨਾ, ਜਿਲ੍ਹਾ ਕਮੇਟੀ ਮੈਂਬਰ ਜਗਦੇਵ ਸਿੰਘ ਜੋਗੇਵਾਲਾ ,ਬਲਾਕ ਮੌੜ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂਗੁਰਮੇਲ ਬਬਲੀ, ਭੋਲਾ ਸਿੰਘ ਰਾਏਖਾਨਾ, ਨੌਜਵਾਨ ਭਾਰਤ ਸਭਾ ਵੱਲੋਂ ਸਰਬਜੀਤ ਮੌੜ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਅਮਿਤੋਜ ਮੌੜ , ਪੰਜਾਬ ਖੇਤ ਮਜ਼ਦੂਰ ਯੂਨੀਅਨ ਜਥੇਬੰਦੀ ਦੇ ਸੂਬਾ ਪਰਧਾਨ ਜੋਰਾ ਸਿੰਘ ਨਸਰਾਲੀ ,ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਗੁਰਮੇਲ ਭਾਗੂ ਅਤੇ ਜਨਕ ਰਾਜ , ਠੇਕਾ ਮੁਲਾਜਮ ਸੰਘਰਸ਼ ਕਮੇਟੀ ਥਰਮਲ ਲਹਿਰਾ ਮੁਹੱਬਤ ਦੇ ਆਗੂ ਜਗਜੀਤ ਸਿੰਘ , ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਜਗਦੀਸ਼ ਸ਼ਰਮਾ, ਮੈਡੀਕਲ ਐਸੋਸੀਏਸ਼ਨ ਜਗਤਾਰ ਸਿੰਘ ਫੂਲ ਤਰਕਸ਼ੀਲ ਸੁਸਾਇਟੀ ਪੰਜਾਬ ਗਗਨ ਗੋਬਰ ਸਹਿਕਾਰੀ ਸੁਸਾਇਟੀ ਦੇ ਭੁਪਿੰਦਰ ਸਿੰਘ ਬੱਲ੍ਹੋ ਨੇ ਵੀ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ ਦਿੱਤੀ ਅਤੇ ਕਿਹਾ ਕਿ ਇਸ ਕਰਕੇ ਅੰਤ ਨੂੰ ਮੋਦੀ ਹਕੂਮਤ ਨੂੰ ਇਹ ਬਿਲ ਵਾਪਸ ਲੈਣੇ ਪੈਣੇ ਹਨ ।