ਅਸ਼ੋਕ ਵਰਮਾ
- ਤੂਫਾਨ ਕਾਰਨ ਪਾਵਰਕਾਮ ਨੂੰ ਲੱਖਾਂ ਦਾ ਰਗੜਾ
ਬਠਿੰਡਾ, 7 ਅਪ੍ਰੈਲ 2021 - ਮੰਗਲਵਾਰ ਦੇਰ ਸ਼ਾਮ ਆਏ ਤੂਫਾਨ ਕਾਰਨ ਲੱਗਭਗ ਇੱਕ ਮਹੀਨਾ ਪਹਿਲਾਂ ਜਣਾਈ ਜੈ ਸਿੰਘ ਵਾਲਾ ਮਾਈਨਰ ’ਚ ਪਾੜ ਪੈਣ ਦੇ ਸਿੱਟੇ ਵਜੋਂ ਤਕਰੀਬਨ 30 ਏਕੜ ਰਕਬੇ ’ਚ ਕਣਕ ਦੀ ਪੱਕੀ ਫਸਲ ਵਿੱਚ ਪਾਣੀ ਭਰਨ ਨਾਲ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ’ਚ ਝੱਖੜ ਨੇ ਭਾਰੀ ਤਬਾਹੀ ਦੇ ਨਿਸ਼ਾਨ ਛੱਡੇ ਹਨ ਜਿੰਨ੍ਹਾਂ ’ਚ ਦਰਜਨਾਂ ਬਿਜਲੀ ਦੇ ਖੰਭੇ, ਟਰਾਂਸਫਾਰਮਰ ਡਿੱਗ ਕੇ ਪਿੰਡਾਂ ’ਚ ਬਿਜਲੀ ਸਪਲਾਈ ਠੱਪ ਹੋਣਾ ਸ਼ਾਮਲ ਹੈ ਪਰ ਤੂਫਾਨ ਕਾਰਨ ਸੈਕੜੇ ਦਰੱਖਤਾਂ ਦੇ ਕਿਸਾਨਾਂ ਦੇ ਖ਼ੇਤਾਂ ’ਚੋਂ ਗੁਜਰਦੇ ਰਜਬਾਰਿਆਂ ’ਚ ਡਿੱਗਣ ਨਾਲ ਜੈ ਸਿੰਘ ਮਾਈਨਰ ਟੁੱਟਣਾ ਦੀ ਵੱਡੀ ਘਟਨਾਂ ਵਾਪਰੀ ਹੈ। ਰਾਹਤ ਵਾਲੀ ਇਹੋ ਗੱਲ ਰਹੀ ਕਿ ਕਿਸਾਨਾਂ ਨੇ ਕਈ ਰਜਬਾਹੇ ਆਪਣੇ ਪੱਧਰ ਤੇ ਜ਼ੋਰ ਲਗਾ ਕੇ ਟੁੱਟਣ ਤੋਂ ਬਚਾਅ ਲਏ।
ਨਹਿਰੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਸੂਰਤ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਸਵੇਰ ਸਮੇਂ ਬਾਬੂਸ਼ਾਹੀ ਵੱਲੋਂ ਇਲਾਕੇ ਦੇ ਪਿੰਡਾਂ ਦਾ ਜਾਇਜਾ ਲੈਣ ਦੌਰਾਨ ਸਾਹਮਣੇ ਆਇਆ ਕਿ ਕਿਸਾਨਾਂ ਨਹਿਰੀ ਵਿਭਾਗ ਦਾ ਕੰਮ ਖੁਦ ਕਰਕੇ ਦਿਖਾਈ ਦਿੱਤੇ ਜਿਸ ਤਹਿਤ ਰਜਬਾਹਿਆਂ ਨੂੰ ਟੁੱਟਣ ਤੋਂ ਬਚਾਉਣ ਲਈ ਉਨ੍ਹਾਂ ’ਚ ਤੂਫਾਨ ਕਾਰਨ ਟੁੱਟ ਕੇ ਡਿੱਗੇ ਦਰੱਖਤਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਪਿੰਡਾਂ ਦੀਆਂ ਗਲੀਆਂ ਅਤੇ ਸੜਕਾ ਤੇ ਥਾਂ-ਥਾਂ ਟਰਾਂਸਫਾਰਮਰ ਤੇ ਖੰਭੇ ਟੁੱਟ ਕੇ ਹੇਠਾ ਡਿੱਗੇ ਪਏ ਸਨ। ਕਿਸਾਨਾਂ ਨੇ ਦੱਸਿਆ ਕਿ ਇੰਨ੍ਹਾਂ ਭਾਰੀ ਤੂਫਾਨ ਉਨ੍ਹਾਂ ਆਪਣੀ ਜਿੰਦਗੀ ’ਚ ਕਦੇ ਨਹੀਂ ਵੇਖਿਆ ਹੈ।
ਜੈ ਸਿੰਘ ਮਾਈਨਰ ਦਾ ਪਾੜ ਕਿਸਾਨਾਂ ਨੇ ਵੱਡੀ ਜੱਦੋ ਜਹਿਦ ਤੋਂ ਬਾਅਦ ਪੂਰਿਆ । ਮਾਰਕਿਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਪਾੜ ਪੈਣ ਕਾਰਨ ਉਸ ਦੀ ਪੱਕ ਚੁੱਕੀ 11 ਏਕੜ ਕਣਕ, ਕਿਸਾਨ ਬਾਰਾ ਸਿੰਘ ਦੀ 4 ਏਕੜ, ਪੱਪਾ ਸਿੰਘ ਦੀ 12 ਏਕੜ, ਸੇਵਕ ਸਿੰਘ ਦੀ 3 ਏਕੜ ਤੇ ਸੁਖਬੀਰ ਸਿੰਘ ਦੀ 4 ਏਕੜ ਕਣਕ ’ਚ ਪਾਣੀ ਭਰਨ ਤੋਂ ਇਲਾਵਾ ਦੂਸਰੇ ਹੋਰ ਕਿਸਾਨਾਂ ਦੀ ਕਣਕ ’ਚ ਵੀ ਪਾਣੀ ਦਾਖਲ ਹੋ ਗਿਆ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਰਕਾਰ ਨੇ ਨਵੀਂ ਮਾਈਨਰ ਬਣਾ ਦਿੱਤੀ ਪ੍ਰੰਤੂ ਸੜਕ ਦੇ ਹੇਠਾਂ ਬਣਿਆ ਪਹਿਲਾ ਵਾਲਾ ਤੰਗ ਪੁਲ ਹੀ ਰੱਖ ਦਿੱਤਾ ਜੋ ਮਾਮੂਲੀ ਜਿਹੀ ਚੀਜ਼ ਡਿੱਗਣ ਕਾਰਨ ਬੰਦ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੁਲ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ।
ਦਰਜ਼ਨਾਂ ਖੰਭੇ ਤੇ ਟਰਾਂਸਫਾਰਮਰ ਟੁੱਟੇ-ਐਸਡੀਓ
ਪਾਵਰਕਾਮ ਦੇ ਐਸ.ਡੀ.ਓ. ਸੁਭਾਸ਼ ਵਰਮਾ ਦਾ ਕਹਿਣਾ ਸੀ ਕਿ ਤੂਫਾਨ ਕਾਰਨ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਰਗੜਾ ਲੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ 70 ਦੇ ਕਰੀਬ ਖੰਭੇ ਤੇ 15 ਦੇ ਕਰੀਬ ਟਰਾਂਸਫਾਰਮਰ ਟੁੱਟ ਕੇ ਹੇਠਾ ਡਿੱਗ ਪਏ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਦੀ ਪਹਿਲ ਪਹਿਲਾ ਪਿੰਡਾਂ ’ਚ ਬਿਜਲੀ ਸਪਲਾਈ ਚਾਲੂ ਕਰਨਾ ਹੈ ਜਦੋਂਕਿ ਖੇਤੀ ਖੇਤਰ ਦੀ ਸਪਲਾਈ ਬਾਅਦ ’ਚ ਬਹਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੂਫਾਨ ਦੀ ਰਫਤਾਰ ਘਟਣ ਤੋਂ ਬਾਅਦ ਹੀ ਕਰਮਚਾਰੀ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਨ ’ਚ ਜੁਟੇ ਹੋਏ ਹਨ।
ਪਾੜ ਦਾ ਕਾਰਨ ਤੁਫਾਨ:ਜੇਈ
ਨਹਿਰੀ ਵਿਭਾਗ ਦੇ ਜੇ.ਈ ਮਨਰੀਤ ਸਿੰਘ ਨੇ ਦੱਸਿਆ ਕਿ ਮਾਈਨਰ ’ਚ ਪਾੜ ਤੰਗ ਪੁਲ ਕਾਰਨ ਪਿਆ ਹੈ। ਉਨ੍ਹਾਂ ਦੱਸਿਆ ਕਿ ਮਾਈਨਰ ਦੇ ਨਵੀਂ ਬਣਨ ਕਾਰਨ ਪੁਲ ਪਹਿਲਾ ਤੋਂ ਵੀ ਜਿਆਦਾ ਭੀੜਾ ਹੋ ਗਿਆ ਜਿਸ ਕਾਰਨ ਠੱਲ੍ਹ ਲੱਗ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਰਾਤ ਵੀ ਇਹੋ ਹੋਇਆ ਅਤੇ ਪਾਣੀ ਚੜ੍ਹਨ ਕਾਰਨ ਮਾਈਨਰ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਮਾਈਨਰ ਨੂੰ ਕਿਸਾਨਾਂ ਦੀ ਮਦਦ ਨਾਲ ਜਲਦੀ ਹੀ ਬੰਦ ਕਰ ਦਿੱਤਾ ਗਿਆ।
ਦਰੱਖਤ ਡਿੱਗਣ ਨਾਲ ਕਿਸਾਨ ਗੰਭੀਰ ਜ਼ਖਮੀ
ਤੂਫਾਨ ਆਉਣ ਉਪਰੰਤ ਆਪਣੇ ਖ਼ੇਤ ’ਚ ਕੁਰਾਹਾ ਲਗਾ ਕੇ ਘਰ ਆ ਰਿਹਾ ਪਿੰਡ ਜੈ ਸਿੰਘ ਵਾਲਾ ਦਾ ਕਿਸਾਨ ਗਗਨਦੀਪ ਸਿੰਘ ਉਦੋਂ ਜਖਮੀ ਹੋ ਗਿਆ ਜਦੋਂ ਪਿੰਡ ਦੇ ਬਾਹਰ- ਇਕ ਦਰੱਖਤ ਟੁੱਟ ਕੇ ਟ੍ਰੈਕਟਰ ਤੇ ਡਿੱਗ ਪਿਆ। ਇਸਸ ਕਾਰਨ ਉਹ ਦਰੱਖਤ ਦੇ ਹੇਠਾ ਆ ਗਿਆ ਜਿਸ ਨੂੰ ਕਿਸਾਨਾਂ ਨੇ ਭਾਰੀ ਮੁਸ਼ੱਕਤ ਤੋਂ ਦਰੱਖਤ ਦੇ ਹੇਠਾਂ ਤੋਂ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਉਸ ਦੇ ਸਿਰ ’ਚ ਕਾਫੀ ਡੂੰਘੀ ਸੱਟ ਲੱਗੀ ਅਤੇ ਟ੍ਰੈਕਟਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਮਹਿਕਮੇ ਦੀ ਲਾਪਰਵਾਹੀ-ਝੁੰਬਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਇਹ ਨਹਿਰੀ ਮਹਿਕਮੇ ਦੀ ਕਥਿਤ ਲਾਪਰਵਾਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਰਜਬਾਹਿਆਂ ’ਚ ਡਿੱਗੇ ਦਰੱਖਤਾਂ ਨੂੰ ਬਾਹਰ ਕੱਢ ਰਹੇ ਸਨ ਪ੍ਰੰਤੂ ਨਹਿਰੀ ਵਿਭਾਗ ਦਾ ਕੋਈ ਵੀ ਕਰਮਚਾਰੀ ਮੌਕੇ ਤੇ ਨਹੀਂ ਆਇਆ ਜਦਕਿ ਉਨ੍ਹਾਂ ਦੀ ਪੂਰੀ ਜਿੰਮੇਵਾਰੀ ਬਣਦੀ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮਿਹਨਤ ਸਦਕਾ ਹੀ ਰਜਬਾਹਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਿਆ ਨਹੀਂ ਤਾਂ ਪੱਕ ਚੁੱਕੀ ਕਣਕ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਸੀ।