- ਕਿਸਾਨ-ਮੋਰਚਿਆਂ ਦਾ ਅੱਜ ਦਾ ਦਿਨ ਪੈਪਸੂ-ਮੁਜ਼ਾਰਾ ਲਹਿਰ ਨੂੰ ਹੋਵੇਗਾ ਸਮਰਪਿਤ
ਚੰਡੀਗੜ੍ਹ, 18 ਮਾਰਚ 2021 - ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ 19 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪੰਜਾਬ ਭਰ ਦੀਆਂ ਮੰਡੀਆਂ 'ਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਵੱਲੋਂ ਕੇਂਦਰ-ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਐਫਸੀਆਈ ਵੱਲੋਂ ਕਣਕ ਦੀ ਖ੍ਰੀਦ ਸਬੰਧੀ ਮੜ੍ਹੀਆਂ ਸ਼ਰਤਾਂ ਖ਼ਿਲਾਫ਼ ਰੋਸ-ਮੁਜ਼ਾਹਰੇ ਕੀਤੇ ਜਾਣਗੇ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਪ੍ਰਧਾਨਮੰਤਰੀ ਦੇ ਨਾਂਅ ਮੰਗ-ਪੱਤਰ ਭੇਜਦਿਆਂ ਐਫਸੀਆਈ ਵੱਲੋਂ ਕਣਕ ਦੀ ਖ੍ਰੀਦ ਸਬੰਧੀ ਲਾਈਆਂ ਸ਼ਰਤਾਂ ਰੱਦ ਕਰਨ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਪੰਜਾਬ ਭਰ 'ਚ 68 ਥਾਵਾਂ 'ਤੇ ਜਾਰੀ। ਕਿਸਾਨ-ਮੋਰਚਿਆਂ 'ਚ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਰੇਲਵੇ-ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਧਰਨਿਆਂ 'ਚ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਦੌਰਾਨ ਇਨਕਲਾਬੀ ਲੋਕ-ਸੰਗੀਤ ਅਤੇ ਨਾਟਕ ਮੰਡਲੀਆਂ ਵੀ ਆਪਣੀਆਂ ਪੇਸ਼ਕਾਰੀਆਂ ਕਰਨਗੀਆਂ।
ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ 'ਚ ਪਿੰਡਾਂ 'ਚ ਨੁੱਕੜ-ਮੀਟਿੰਗਾਂ ਦਾ ਦੌਰ ਜਾਰੀ ਹੈ। ਕਿਸਾਨ-ਜਥੇਬੰਦੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਪਹੁੰਚਣ ਅਤੇ 26 ਮਾਰਚ ਦਾ ਭਾਰਤ-ਬੰਦ ਸਫਲ ਬਣਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।