- ਜੁਗਰਾਜ ਸਿੰਘ ਦੇ ਪਰਿਵਾਰ ਦਾ ਹਰ ਪੱਖੋਂ ਸਾਥ ਦੇਵੇ ਖ਼ਾਲਸਾ ਪੰਥ - ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 24 ਮਾਰਚ 2021 - ਲਾਲ ਕਿਲ੍ਹੇ ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਸਿੱਖ ਨੌਜਵਾਨ ਜੁਗਰਾਜ ਸਿੰਘ ਦੇ ਪਿਤਾ ਭਾਈ ਬਲਦੇਵ ਸਿੰਘ ਖ਼ਾਲਸਾ ਨੇ ਕਿਹਾ ਦਿੱਲੀ ਪੁਲਿਸ ਵਾਰ-ਵਾਰ ਉਹਨਾਂ ਦੇ ਘਰ ਗੇੜੇ ਮਾਰ ਰਹੀ ਹੈ ਤੇ ਜੁਗਰਾਜ ਸਿੰਘ ਬਾਰੇ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੋਏ ਇੱਕ ਸਮਾਗਮ 'ਚ ਜੁਗਰਾਜ ਸਿੰਘ ਦੇ ਪਿਤਾ ਭਾਈ ਬਲਦੇਵ ਸਿੰਘ ਖ਼ਾਲਸਾ ਅਤੇ ਉਹਨਾਂ ਦੇ ਪਰਿਵਾਰ ਦਾ ਪੰਥਕ ਜਥੇਬੰਦੀਆਂ ਵੱਲੋਂ ਸਨਮਾਨ ਕੀਤਾ ਗਿਆ। ਓਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਗਰਾਜ ਸਿੰਘ ਦੇ ਪਿਤਾ ਭਾਈ ਬਲਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਤੋਂ ਬਾਅਦ ਜੁਗਰਾਜ ਸਿੰਘ ਅਜੇ ਤੱਕ ਘਰ ਨਹੀਂ ਆਇਆ, ਉਹ ਕਿੱਥੇ ਅਤੇ ਕਿਸ ਹਾਲਤ ਚ ਹੈ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ।
ਉਹਨਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਤੋਂ ਹੀ ਮੈਂ ਅਤੇ ਸਾਡਾ ਪਰਿਵਾਰ ਘਰੋਂ ਆਸੇ ਪਾਸੇ ਹੋ ਕੇ ਗੁਜਾਰਾ ਕਰ ਰਿਹਾ ਹੈ ਅਤੇ ਹੁਣ ਅਸੀਂ ਦੋ ਮਹੀਨਿਆਂ ਬਾਅਦ ਘਰ ਵਾਪਸ ਮੁੜੇ ਹਾਂ। ਉਹਨਾਂ ਕਿਹਾ ਕਿ ਜਦ ਸਾਡਾ ਪਰਿਵਾਰ ਆਪਣੇ ਜੱਦੀ ਘਰ ਤੋਂ ਬਾਹਰ ਸੀ ਤਾਂ ਪਿੱਛੋਂ ਜੁਗਰਾਜ ਸਿੰਘ ਦੇ ਦਾਦਾ ਜੀ ਨੂੰ ਦਿੱਲੀ ਪੁਲਿਸ ਵੱਲੋਂ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਗਿਆ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਮੇਰੇ ਬਾਰੇ ਵੀ ਵਾਰ ਵਾਰ ਪੁੱਛਿਆ ਜਾ ਰਿਹਾ ਹੈ ਤੇ ਸਾਨੂੰ ਖ਼ਦਸ਼ਾ ਹੈ ਕਿ ਉਹ ਸਾਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਅਜੇ ਤੱਕ ਸਾਡੀ ਕੋਈ ਸਾਰ ਨਹੀਂ ਲਈ, ’ਤੇ ਨਾ ਹੀ ਸਾਡੇ ਘਰ ਕੋਈ ਕਿਸਾਨ ਆਗੂ ਪਹੁੰਚਿਆ ਹੈ, ਅਤੇ ਨਾ ਹੀ ਕਿਸੇ ਨੇ ਕੋਈ ਫੋਨ ਹੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਨਿਰਾਸ਼ਤਾ ਹੈ, ਕਿ ਸਾਡਾ ਪੁਤਰ ਮੋਰਚੇ ਵਿੱਚ ਗਿਆ ਤਾਂ ਕਿਸਾਨ ਜੱਥੇਬੰਦੀਆਂ ਦੇ ਸੱਦੇ ’ਤੇ ਸੀ। ਉਹਨਾਂ ਕਿਹਾ ਕਿ ਸਾਨੂੰ ਆਪਣੇ ਪੁੱਤਰ ਜੁਗਰਾਜ ਸਿੰਘ ਉੱਤੇ ਬੜਾ ਮਾਣ ਹੈ, ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਬਲਕਿ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਰੋਹ ਅਤੇ ਰੋਸ ਵਜੋਂ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਉਹਨਾਂ ਕਿਹਾ ਕਿ ਜੁਗਰਾਜ ਸਿੰਘ ਆਪਣੇ ਪਿੰਡ ਦੇ ਗੁਰਦੁਆਰੇ ਚ ਵੀ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੀ ਸੇਵਾ ਕਰਦਾ ਸੀ। ਉਹਨਾਂ ਕਿਹਾ ਕਿ ਨਿਸ਼ਾਨ ਸਾਹਿਬ ਸਾਡੇ ਧਰਮ ਦਾ ਨਿਸ਼ਾਨ ਹੈ, ਸਾਡਾ ਕੌਮੀ ਝੰਡਾ ਹੈ।
ਉਹਨਾਂ ਕਿਹਾ ਕਿ ਨਿਸ਼ਾਨ ਸਾਹਿਬ ਨੂੰ ਖ਼ਾਲਿਸਤਾਨ ਦਾ ਝੰਡਾ ਕਹਿ ਕੇ ਜਾਣ ਬੁੱਝ ਕੇ ਭਾਰਤ ਦੇ ਲੋਕਾਂ ਨੂੰ ਸਾਡੀ ਕੌਮ ਦੇ ਵਿਰੁੱਧ ਉਕਸਾਇਆ ਜਾ ਰਿਹਾ ਹੈ ਅਤੇ ਜੁਗਰਾਜ ਸਿੰਘ ਨੂੰ ਅੱਤਵਾਦੀ, ਵੱਖਵਾਦੀ ਤੇ ਦਹਿਸ਼ਤਗਰਦ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਨਿਸ਼ਾਨ ਸਾਹਿਬ ਤਾਂ ਗੁਰਦੁਆਰਿਆਂ ਅਤੇ ਬਾਰਡਰਾਂ ਤੇ ਵੀ ਝੂਲਦਾ ਹੈ ਤੇ ਇਹ ਨਿਸ਼ਾਨ ਸਾਹਿਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਕੋਰੋਨਾ ਕਾਲ ਸਮੇਂ ਇਹਨਾਂ ਨਿਸ਼ਾਨ ਸਾਹਿਬ ਵਾਲਿਆਂ ਸਿੱਖਾਂ ਨੇ ਹੀ ਲੰਗਰ ਲਾ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ।
ਉਹਨਾਂ ਕਿਹ ਕਿ ਜੁਗਰਾਜ ਸਿੰਘ ਨੇ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾਅ ਕੇ ਅਠਾਰ੍ਹਵੀਂ ਸਦੀ ਦਾ ਇਤਿਹਾਸ ਸਿਰਜਿਆ ਹੈ, ਹੁਣ ਉਹ ਪੰਥ ਦਾ ਹੈ ਇਸ ਲਈ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਜਦ ਸਾਡੇ ਘਰ ਆਈਆਂ ਓਦੋਂ ਅਸੀਂ ਘਰ ਨਹੀਂ ਸੀ ਉਹ ਜੁਗਰਾਜ ਸਿੰਘ ਦੇ ਦਾਦਾ ਜੀ ਦੀ ਹੌਸਲਾ ਅਫ਼ਜਾਈ ਕਰਕੇ ਗਏ ਸਨ। ਉਹਨਾਂ ਕਿਹਾ ਕਿ ਜੁਗਰਾਜ ਸਿੰਘ ਨੂੰ ਦਿੱਲੀ ਪੁਲਿਸ ਦੇ ਜ਼ੁਲਮ ਤਸ਼ੱਦਦ ਤੋਂ ਬਚਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਪੰਥਕ ਜਥੇਬੰਦੀਆਂ ਕੋਈ ਹੰਭਲਾ ਮਾਰਨ। ਉਹਨਾਂ ਦਾ ਪੁੱਤਰ ਅਜੇ ਰੂਪੋਸ਼ ਹੈ, ਜਥੇਬੰਦੀਆਂ ਵਧੀਆ ਵਕੀਲਾਂ ਨਾਲ ਗੱਲ ਕਰਕੇ ਉਸ ਦੀ ਬਾਹਰੋ-ਬਾਹਰ ਜ਼ਮਾਨਤ ਕਰਵਾਉਣ।
ਉਹਨਾਂ ਨਾਲ ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਮੌਜੂਦ ਸਨ ਜਿਨ੍ਹਾਂ ਨੇ ਪਰਿਵਾਰ ਦਾ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਜੁਗਰਾਜ ਸਿੰਘ ਦੇ ਪਰਿਵਾਰ ਦਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਕਰਨਾ ਬੇਹੱਦ ਜ਼ਰੂਰੀ ਸੀ। ਉਹਨਾਂ ਕਿਹਾ ਕਿ ਜਦ ਅਸੀਂ ਪਰਸੋਂ ਜੁਗਰਾਜ ਸਿੰਘ ਦੇ ਘਰ ਗਏ ਤਾਂ ਅਸੀਂ ਮਹਿਸੂਸ ਕੀਤਾ ਕਿ ਉਹਨਾਂ ਦਾ ਪਰਿਵਾਰ ਉਡੀਕ ਰਿਹਾ ਸੀ ਕੋਈ ਜਥੇਬੰਦੀ ਜਾਂ ਗੁਰਸਿੱਖ ਉਹਨਾਂ ਦੇ ਘਰ ਆਵੇ ਤੇ ਉਹਨਾਂ ਦਾ ਸਹਾਰਾ ਬਣੇ। ਉਹਨਾਂ ਕਿਹਾ ਕਿ ਅਸੀਂ ਜੁਗਰਾਜ ਸਿੰਘ ਦੇ ਪਰਿਵਾਰ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੇ ਹਾਂ।