ਅਸ਼ੋਕ ਵਰਮਾ
ਨਵੀਂ ਦਿੱਲੀ, 6 ਅਪਰੈਲ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਿੱਲੀ ਦੀ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਾੜ੍ਹੀ ਦੀ ਫਸਲ ਦੀ ਵਾਢੀ ਸ਼ੁਰੂ ਹੋ ਗਈ ਹੈ ਕੰਮ ਦਾ ਪੂਰਾ ਜ਼ੋਰ ਪੈਣ ਵਾਲਾ ਹੈ । ਅੰਦੋਲਨ ਤੇ ਕਣਕ ਦੀ ਕਟਾਈ ਕਰ ਕੇ ਕੋਈ ਫ਼ਰਕ ਨਾ ਪਵੇ ਇਸ ਲਈ ਜਥੇਬੰਦੀ ਵਲੋਂ ਆਗੂਆਂ ਦੀ ਜਿੰਮੇਵਾਰੀ ਲਾ ਕੇ ਜਿਹੜੇ ਕਿਸਾਨਾਂ ਦੇ ਸਾਧਨ ਦਿੱਲੀ ਮੋਰਚੇ ਵਿੱਚ ਸ਼ਾਮਲ ਹਨ ਅਤੇ ਜਿਹੜੇ ਕਿਸਾਨ ਕਟਾਈ ਸਮੇਂ ਮੋਰਚੇ ਵਿੱਚ ਹੋਣਗੇ ਉਨ੍ਹਾਂ ਦੀ ਕਟਾਈ ਵਢਾਈ ਦਾ ਕੰਮ ਪਿੰਡ ਪੱਧਰ ਤੇ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛਰਦਾਨੀ ਪਾਣੀ' ਕੂਲਰ 'ਪੱਖੇ ਅਤੇ ਮੱਛਰ ਮਾਰਨ ਵਾਲੀ ਮਸ਼ੀਨ ਆਦਿ ਦਾ ਪ੍ਰਬੰਧ ਮੁਕੰਮਲ ਹੋ ਗਿਆ ਹੈ ।
ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਮੌਸਮ ਬਦਲ ਰਿਹਾ ਹੈ ਇਸ ਦੌਰਾਨ ਮੱਛਰ ਵਿੱਚ ਵਾਧਾ ਹੋਣਾ ਬਿਜਲੀ ਤੇ ਵੱਡੇ ਕੱਟ ਲੱਗਣੇ ਪਾਣੀ ਦੀ ਘਾਟ ਵੀ ਪਵੇਗੀ ਪਰ ਸਾਡੇ ਇਰਾਦੇ ਦ੍ਰਿੜ੍ਹ ਤੇ ਸਬਰ ਵਾਲੇ ਹੋਣੇ ਚਾਹੀਦੇ ਹਨ । ਉਹ ਕੌਮਾਂ ਹਮੇਸ਼ਾਂ ਜਿੱਤਦੀਆਂ ਹਨ ਜੋ ਸਬਰ ਦੇ ਨਾਲ ਹੋਸ਼ ਤੇ ਜੋਸ਼ ਨਾਲ ਲੜਦੀਆਂ ਹਨ ।ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਕੱਲ੍ਹ ਪੰਜਾਬ ਵਿੱਚ 15 ਜ਼ਿਲ੍ਹਿਆਂ ਵਿਚ 34 ਥਾਂਵਾਂ ਤੇ ਐਕਸੀਅਨ ਦਫਤਰਾਂ ਦਾ ਘਿਰਾਓ ਕੀਤਾ ਗਿਆ। ਸਰਕਾਰ ਸਰਕਾਰੀ ਖ਼ਰੀਦ ਨੂੰ ਖ਼ਤਮ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹੋ ਜਿਹੇ ਕਿਸਾਨ ਮਜ਼ਦੂਰ ਵਿਰੋਧੀ ਮਨਸੂਬੇ ਅਸੀਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂ ਕੀ ਇਸਦਾ ਸਿੱਧਾ ਪ੍ਰਭਾਵ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦਾ ਹੈ ਜਿਸ ਨਾਲ ਗ਼ਰੀਬ ਲੋਕਾਂ ਨੂੰ ਮਿਲਦੀ ਨਿਗੂਣੀ ਸਹੂਲਤ ਵੀ ਖੁੱਸ ਜਾਵੇਗੀ ਇਸ ਲਈ ਮਜ਼ਦੂਰਾਂ ਦਾ ਇਸ ਕਰਕੇ ਦਿੱਲੀ ਕਿਸਾਨ ਅੰਦੋਲਨ ਨਾਲ ਡੂੰਘਾ ਸਰੋਕਾਰਾਂ ਬਣਦਾ ਹੈ। ਅੱਜ ਦੀ ਸਟੇਜ ਤੋਂ ਗੁਰਭਿੰਦਰ ਸਿੰਘ ਕੋਕਰੀ , ਦਰਸ਼ਨ ਸਿੰਘ ਢਿੱਲੋਂ, ਸਤਪਾਲ ਸਿੰਘ ਫਾਜ਼ਿਲਕਾ, ਜੁਗਰਾਜ ਸਿੰਘ ਢੋਲਣਾ ਅਤੇ ਗੁਲਾਬ ਸਿੰਘ ਈਸ਼ਰ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।