ਨਵਾਂਸ਼ਹਿਰ 25 ਮਾਰਚ 2021 - ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਾਰਚ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਪੂਰਨ ਤੌਰ ਉੱਤੇ ਬੰਦ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਸੁਤੰਤਰ ਕੁਮਾਰ , ਜਸਬੀਰ ਦੀਪ ਅਤੇ ਕੁਲਦੀਪ ਸਿੰਘ ਸੁੱਜੋਂ ਨੇ ਦੱਸਿਆ ਕਿ ਜਿਲੇ ਦੇ ਵਪਾਰ ਮੰਡਲ ,ਆੜ੍ਹਤੀ ਐਸੋਸੀਏਸ਼ਨਾਂ, ਟਰੱਕ ਯੂਨੀਅਨਾਂ , ਆਟੋ ਯੂਨੀਅਨ ,ਟੈਕਸੀ ਯੂਨੀਅਨਾਂ , ਭੱਠਾ ਵਰਕਰਾਂ ਅਤੇ ਮਾਲਕਾਂ , ਰੋਡਵੇਜ ਵਰਕਰਾਂ , ਬੈਂਕ ਐਸੋਸੀਏਸ਼ਨਾਂ , ਮਜਦੂਰ ਜਥੇਬੰਦੀਆਂ ,ਰੇਹੜੀ ਵਰਕਰਾਂ, ਇਸਤਰੀ ਜਥੇਬੰਦੀਆਂ , ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਬੰਦ ਦਾ ਭਰਵਾਂ ਸਮਰਥਨ ਕੀਤਾ ਹੈ।
ਉਹਨਾਂ ਕਿਹਾ ਕਿ ਇਸ ਬੰਦ ਦੌਰਾਨ ਐਂਬੂਲੈਂਸ , ਐਮਰਜੈਂਸੀ ਸੇਵਾਵਾਂ ਅਤੇ ਹੋਲੇ ਮਹੱਲੇ ਦੇ ਸ਼ਰਧਾਲੂਆਂ ਨੂੰ ਜਾਮ ਵਿਚੋਂ ਰਸਤਾ ਦਿੱਤਾ ਜਾਵੇਗਾ ਉਹਨਾਂ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਕਾਰਪੋਰੇਟਰਾਂ ਦੇ ਹਿੱਤ ਪੂਰਨ ਵਾਲੇ ਹਨ ਅਤੇ ਕਿਸਾਨਾਂ , ਮਜ਼ਦੂਰਾਂ , ਦੁਕਾਨਦਾਰਾਂ ਅਤੇ ਹੋਰ ਲੋਕਾਂ ਲਈ ਘਾਤਕ ਹਨ।ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ ਅਤੇ ਇਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਮਾਰਚ ਨੂੰ ਸਵੇਰੇ ਠੀਕ 9 ਵਜੇ ਲੰਗੜੋਆ ਬਾਈਪਾਸ ਉੱਤੇ ਲਾਏ ਜਾ ਰਹੇ ਜਾਮ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ।ਇਸ ਮੌਕੇ ਸਤਨਾਮ ਸਿੰਘ ਗੁਲਾਟੀ , ਬਲਜਿੰਦਰ ਸਿੰਘ ਭੰਗਲ , ਮੁਕੰਦ ਲਾਲ , ਅਸ਼ੋਕ ਕੁਮਾਰ , ਸਤਨਾਮ ਸਿੰਘ ਸੁੱਜੋਂ ਮੋਰਚੇ ਦੇ ਆਗੂ ਵੀ ਮੌਜੂਦ ਸਨ।