ਅਸ਼ੋਕ ਵਰਮਾ
ਨਵੀਂ ਦਿੱਲੀ , 20 ਮਾਰਚ 2021:ਟਿਕਰੀ ਬਾਰਡਰ ਪਕੌੜਾ ਚੌਕ ਵਿਖੇ ਖਚਾਖਚ ਭਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪੰਡਾਲ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੀ ਜਵਾਨੀ ਆਪਣੇ ਸ਼ਹੀਦ ਦੇ ਬੋਲ "ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ" ਰਾਹੀਂ ਦਿੱਤੇ ਸੰਦੇਸ਼ ਨੂੰ ਪੂਰਾ ਕਰਨ ਲਈ ਸਾਮਰਾਜੀ ਬੁਹਕੌਮੀ ਕੰਪਨੀਆਂ ਦੇ ਵਾਰੇ ਨਿਆਰੇ ਕਰਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜ਼ੋਰਦਾਰ ਲਾਮਬੰਦੀਆਂ ਕਰਨ ਵਿੱਚ ਵਿੱਚ ਜੁਟੀ ਹੋਈ ਹੈ।21 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੁਨਾਮ ਵਿਖੇ ਕੀਤੇ ਜਾ ਰਹੀ ਸਾਮਰਾਜ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸਾਂਝੀ ਨੌਜਵਾਨ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਇੱਕ ਲੱਖ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਦਿੱਲੀ ਮੋਰਚੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਹੋਣਗੇ । ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਘੋਲ ਨੂੰ ਤਾਰਪੀਡੋ ਕਰਨ ਲਈ ਕਰੋਨਾ ਬਿਮਾਰੀ ਦਾ ਹਊਆ ਮੁੜ ਫੇਰ ਖੜਾ ਕੀਤਾ ਜਾ ਰਿਹਾ ਹੈ। ਬੇਸ਼ੱਕ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਕਰੋਨਾ ਰਿਪੋਰਟ ਪੌਜਿਟਿਵ ਆਈ ਹੈ, ਪ੍ਰੰਤੂ ਉਹ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਹਨ ਜੋ ਛੇਤੀ ਹੀ ਮੁੜ ਘੋਲ ਦੇ ਮੈਦਾਨ ਵਿੱਚ ਨਿੱਤਰਨਗੇ। ਇਸ ਮੌਕੇ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਨਾਟਕ " ਅੰਦੋਲਨਜੀਵੀ " ਖੇਡਿਆ ਗਿਆ ਤੇ ਮੋਰਚੇ ਨੂੰ ਸੰਬੋਧਨ ਕਰਨ ਲਈ ਹਰਿਆਣੇ ਤੋਂ ਜਗਦੀਸ਼ ਠਾਕੁਰ , ਹਿਮਾਚਲ ਤੋਂ ਬੀਰਿੰਦਰ ਸਿੰਘ , ਤੇ ਪੰਜਾਬ ਤੋਂ ਬਸੰਤ ਸਿੰਘ ਕੋਠਾਗੁਰੂ , ਜਸਵਿੰਦਰ ਸਿੰਘ ਬਰਾਸ , ਗੁਰਤੇਜ ਸਿੰਘ ਖੁੱਡੀਆਂ , ਗੁਲਾਬ ਸਿੰਘ ਜੀਉਂਦ ਆਦਿ ਆਗੂ ਹਾਜ਼ਰ ਸਨ ।