ਸੰਜੀਵ ਸੂਦ
- ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਾਫ ਦੀ ਹੋਈ ਕਿਸਾਨ ਅੰਦੋਲਨ ਨੂੰ ਲੈ ਕੇ ਬੈਠਕ
- ਰਾਜੇਵਾਲ ਨੇ ਕਿਹਾ ਸਿੱਧੀ ਅਦਾਇਗੀ ਨੂੰ ਲੈ ਕੇ ਸਰਕਾਰ ਦਾ ਫਾਰਮੂਲਾ ਨਹੀਂ ਹੋ ਸਕਦਾ ਪਾਸ
- 5 ਅਪ੍ਰੈਲ ਨੂੰ ਐਫਸੀਆਈ ਦੇ ਗੋਦਾਮਾਂ ਨੂੰ ਘੇਰਨ ਦਾ ਕੀਤਾ ਐਲਾਨ
ਲੁਧਿਆਣਾ, 3 ਅਪ੍ਰੈਲ 2021 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਯੂਨੀਵਰਸਿਟੀ ਦੇ ਸਟਾਫ ਦੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਅਹਿਮ ਬੈਠਕ ਹੋਈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਦਰਸ਼ਨਪਾਲ ਸਿੰਘ ਅਤੇ ਡੱਲੇਵਾਲ ਵਰਗੇ ਕਈ ਕਿਸਾਨ ਆਗੂ ਮੌਜੂਦ ਰਹੇ। ਪ੍ਰੈਸ ਕਾਨਫ਼ਰੰਸ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਿੱਧੀ ਅਦਾਇਗੀ ਦਾ ਸਰਕਾਰ ਦਾ ਫਾਰਮੂਲਾ ਪਾਸ ਹੀ ਨਹੀਂ ਹੋ ਸਕਦਾ, ਕਿਉਂਕਿ ਉਹ ਜ਼ਮੀਨਾਂ ਦੇ ਮੁਤਾਬਕ ਖਾਤੇ ਵੇਖ ਕੇ ਉਨ੍ਹਾਂ ਵਿਚ ਪੈਸੇ ਪਾਉਣਾ ਚਾਹੁੰਦੇ ਹਨ। ਜੋ ਸੰਭਵ ਹੀ ਨਹੀਂ ਹੈ ਇਸ ਕਰਕੇ ਸਰਕਾਰ ਇਸ ਵਿੱਚ ਫੇਲ੍ਹ ਸਾਬਿਤ ਹੋਈ ਹੈ। ਉੱਧਰ ਪੰਜਾਬ ਸਰਕਾਰ 'ਤੇ ਵੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜ ਅਪ੍ਰੈਲ ਤੋਂ ਕਿਸਾਨ ਯੂਨੀਅਨਾਂ ਐਫਸੀਆਈ ਦੇ ਸਾਰੇ ਗੁਦਾਮਾਂ ਦਾ ਘਿਰਾਓ ਕਰਨਗੀਆਂ ਅਤੇ ਆਪਣਾ ਰੋਸ ਜ਼ਾਹਿਰ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਆੜ੍ਹਤੀਆਂ ਦੇ ਰਾਹੀਂ ਹੀ ਕਿਸਾਨਾਂ ਨੂੰ ਪੇਮੈਂਟ ਹੋਣੀ ਚਾਹੀਦੀ ਹੈ ਕਿਉਂਕਿ ਇਹ ਸੰਭਵ ਵੀ ਨਹੀਂ ਕਿ ਉਨ੍ਹਾਂ ਦੇ ਖਾਤਿਆਂ ਚ ਸਿੱਧੇ ਪੈਸੇ ਪੁਆਏ ਜਾਣ ਕਿਉਂਕਿ ਕੁੱਝ ਕਿਸਾਨ ਠੇਕੇ ਤੇ ਲੈ ਕੇ ਜ਼ਮੀਨਾਂ ਵਾਹੁੰਦੇ ਹਨ ਅਤੇ ਕਈ ਜ਼ਮੀਨਾਂ ਦੀ ਹਾਲੇ ਤੱਕ ਤਕਸੀਮ ਨਹੀਂ ਹੋਈ ਤਾਂ ਇਹ ਫਾਰਮੂਲਾ ਸੰਭਵ ਹੀ ਨਹੀਂ ਹੋ ਸਕਦਾ।
ਰਾਕੇਸ਼ ਟਿਕੈਤ ਤੇ ਹੋਏ ਹਮਲੇ ਲਈ ਉਨ੍ਹਾਂ ਨੇ ਸਿੱਧੇ ਤੌਰ ਤੇ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਉੜੀਸਾ ਚ ਵੀ ਇਸੇ ਤਰ੍ਹਾਂ ਦਾ ਹਮਲਾ ਉਨ੍ਹਾਂ 'ਤੇ ਹੋਇਆ ਸੀ ਅਤੇ ਕਈ ਥਾਵਾਂ ਤੇ ਭਾਜਪਾ ਦੇ ਵਰਕਰਾਂ ਵੱਲੋਂ ਕਿਸਾਨ ਆਗੂਆਂ ਦੇ ਨਾਲ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਨੇ ਇਸਦੇ ਨਾਲ ਹੀ ਉਨ੍ਹਾਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਿੱਚ ਕਿਸਾਨ ਮਹਾਂਪੰਚਾਇਤ ਦਿਨਾਂ ਤੇ ਕਿਸਾਨਾਂ ਨੂੰ ਇਕੱਠਿਆਂ ਕਰਕੇ ਆਪਣੀ ਸਿਆਸੀ ਰੋਟੀਆਂ ਸੇਕਣ ਦੇ ਮੁੱਦੇ ਤੇ ਵੀ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਹ ਪੂਰਾ ਮੁੱਦਾ ਉਨ੍ਹਾਂ ਦੇ ਧਿਆਨ ਹੇਠ ਹੈ ਅਤੇ ਇਸ ਤੇ ਉਹ ਜਲਦ ਵੱਡਾ ਫ਼ੈਸਲਾ ਲੈਣਗੇ। ਨਾਲ ਹੀ ਉਨ੍ਹਾਂ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਬੈਠਕ ਦੇ ਦੌਰਾਨ ਬਿਨ ਲਾਗੂ ਕਰਨ ਤੋਂ ਮੁਨਕਰ ਹੋ ਗਈ ਸੀ, ਪਰ ਹੁਣ ਉਨ੍ਹਾਂ ਦੇ ਮੁੜ ਤੋਂ ਧਿਆਨ ਵਿੱਚ ਆਇਆ ਹੈ ਕਿ ਉਹ ਵੱਖ ਵੱਖ ਸੂਬਿਆਂ ਤੋਂ ਇਸ ਸਬੰਧੀ ਰਾਇ ਲੈ ਰਹੇ ਹਨ।