ਅਸ਼ੋਕ ਵਰਮਾ
ਸੰਗਰੂਰ, 11 ਅਪਰੈਲ 2021 - ਸੰਯੁਕਤ ਕਿਸਨ ਮੋਰਚੇ ਦੀ ਅਗਵਾਈ ਹੇਠ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲੀ ਵਾਲਾ ਆਰਡੀਨੈਂਸ ਵਾਪਸ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਮੁਲਕ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ (ਸਿੰਘੂ, ਟਿੱਕਰੀ, ਗਾਜੀਪੁਰ) ਬਾਰਡਰਾਂ ਉੱਪਰ 26 ਨਵੰਬਰ ਤੋਂ ਡਟਿਆ ਹੋਇਆ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਮੁਲਕ ਦੀ ਮੋਦੀ-ਸ਼ਾਹ ਦੀ ਹਕੂਮਤ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਥਾਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚਣ ਵਿੱਚ ਮਸ਼ਰੂਫ ਹੈ। ਹਰ ਆਏ ਦਿਨ ਕੋਈ ਨਾਂ ਕੋਈ ਨਵੀਂ ਕਿਸਮ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਸਭ ਕੁੱਝ ਦੇ ਬਾਵਜੂਦ ਕਿਸਾਨ ਸੰਘਰਸ਼ ਵਿਸ਼ਾਲ ਹਿੱਸਿਆਂ ਦੀ ਹਮਾਇਤ ਹਾਸਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ।
ਮੁਲਾਜਮਾਂ ਦੀ ਪ੍ਰਤੀਨਿਧ ਜਥੇਬੰਦੀ ਡੀ.ਐੱਮ.ਐੱਫ ਦੇ ਆਗੂਆਂ ਗੁਰਬਖਸੀਸ ਬਰਾੜ (ਸਾਬਕਾ ਜਰਨਲ ਸਕੱਤਰ ਡੀ ਟੀ ਐੱਫ ਪੰਜਾਬ) ਹਰਜੀਤ ਵਾਲੀਆ, ਗੁਰਚਰਨ ਅਕੋਈ, ਨਿਰਭੈ ਸਿੰਘ, ਦਲਜੀਤ ਸਫੀਪੁਰ, ਸੁਖਵਿੰਦਰ ਗਿਰ, ਕੁਲਦੀਪ ਸਿੰਘ, ਮੇਘ ਰਾਜ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀਆਂ ਦੋਵੇਂ ਜਥੇਬੰਦੀਆਂ ਕਿਸਾਨ/ਲੋਕ ਸੰਘਰਸ਼ ਦੀ ਲਗਾਤਾਰ ਹਮਾਇਤ ਕਰ ਰਹੀਆਂ ਹਨ, ਉਹ ਭਾਵੇਂ ਫੰਡ ਪੱਖੋਂ ਸਹਿਯੋਗ ਦੇ ਰੂਪ’ਚ ਹੋਵੇ ਭਾਵੇਂ ਸ਼ਮੂਲੀਅਤ ਪੱਖੋਂ ਹੋਵੇ। ਉਨ੍ਹਾਂ ਕਿਹਾ ਕਿ ਹੁਣ ਜਦ ਅਪ੍ਰੈਲ ਮਹੀਨਾ ਕਣਕ ਦੀ ਵਾਢੀ ਦਾ ਮਹੀਨਾ ਹੈ ਤਾਂ ਲਾਜਮੀ ਹੈ ਕਿ ਹਾੜ੍ਹੀ ਦੀ ਫਸਲ ਸਾਂਭਣ ਲਈ ਕੁੱਝ ਕਿਸਾਨਾਂ ਨੂੰ ਵਾਪਸ ਆਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 11 ਅਪ੍ਰੈਲ ਤੋਂ 10 ਮਈ ਤੱਕ ਦੋਵੇਂ ਜਥੇਬੰਦੀਆਂ ਦੇ ਸੈਂਕੜੇ ਵਰਕਰ ਦੋਵੇਂ ਬਾਰਡਰਾਂ ਤੇ ਮੌਜੂਦ ਰਹਿਣਗੇ। ਇਸ ਵਿੱਚ ਅਧਿਆਪਕ ਔਰਤਾਂ ਵੀ ਭਾਗ ਲੈਣਗੀਆਂ। ਇਸੇ ਕੜੀ ਤਹਿਤ ਸੰਗਰੂਰ ਜਿਲ੍ਹੇ ਦਾ ਕਾਫਲਾ ਅੱਜ 11 ਅਪ੍ਰੈਲ ਨੂੰ ਸਵੇਰ ਆਪਣੇ ਦਰਜਨਾਂ ਸਾਧਨਾਂ ਰਾਹੀਂ ਰਵਾਨਾ ਹੋਇਆ ਹੈ ਅਤੇ ਲਗਤਾਰ ਪੰਜ ਦਿਨ 14 ਅਪ੍ਰੈਲ ਦੇਰ ਰਾਤ ਤੱਕ ਉੱਥੇ ਰਹੇਗਾ। ਆਗੂਆਂ ਨੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਜੋਰਦਾਰ ਅਪੀਲ ਕੀਤੀ ਹੈ। ਇਸ ਮੌਕੇ ਰਵਿੰਦਰ ਦਿੜ੍ਹਬਾ, ਗੁਰਦੀਪ ਚੀਮਾ, ਮਨਦੀਪ ਭੁਟਾਲ, ਮਨਜੀਤ ਲਹਿਰਾ ਆਦਿ ਹਾਜਰ ਸਨ।