- ਨਿੱਜੀਕਰਨ ਖ਼ਿਲਾਫ਼ ਸਭ ਤਬਕਿਆਂ ਨੂੰ ਇੱਕਜੁੱਟ ਸੰਘਰਸ਼ ਲਈ ਪ੍ਰੇਰਿਆ
- ਐਫਸੀਆਈ ਦੇ ਦਫ਼ਤਰਾਂ ਦਾ ਘਿਰਾਓ ਕਰਨਗੇ ਕਿਸਾਨ
- ਕਿਸਾਨਾਂ ਦੇ ਦਰਜ਼ਨਾਂ ਜਥੇ ਦਿੱਲੀ ਲਈ ਰਵਾਨਾ
ਚੰਡੀਗੜ੍ਹ, 4 ਅਪ੍ਰੈਲ 2021 - ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਅੱਜ 5 ਅਪ੍ਰੈਲ ਨੂੰ ਐਫਸੀਆਈ ਦਫ਼ਤਰਾਂ ਦਾ 11 ਤੋਂ 6 ਵਜੇ ਤੱਕ ਘਿਰਾਓ ਕਰਨਗੀਆਂ। ਜਦੋਂਕਿ ਪੰਜਾਬ ਭਰ 'ਚ ਰੇਲਵੇ-ਪਾਰਕਾਂ, ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਮੇਤ 68 ਥਾਵਾਂ 'ਤੇ ਲੱਗੇ ਪੱਕੇ-ਧਰਨੇ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਹਨ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਕਿਸਾਨ ਆਪਣੀਆਂ ਫ਼ਸਲਾਂ ਦੇ ਬਣਦੇ ਮੁੱਲ ਲਈ ਚਿੰਤਿਤ ਹੈ। ਐਫਸੀਆਈ ਸਮੇਤ ਮੁੱਖ ਖਰੀਦ ਏਜੰਸੀਆਂ ਖਰੀਦ ਤੋਂ ਮੁੱਖ ਮੋੜ ਰਹੀਆਂ ਹਨ।
ਅਸੀਂ ਐਫਸੀਆਈ ਦੇ ਦਫਤਰਾਂ ਦੇ ਘਿਰਾਓ ਰਾਹੀਂ ਆਪਣੀਆਂ ਮੰਗਾਂ ਸਬੰਧੀ ਕੇਂਦਰ-ਸਰਕਾਰ ਮੰਗ-ਪੱਤਰ ਭੇਜਾਂਗੇ। ਇਹਨਾਂ ਮੰਗਾਂ ਨੂੰ ਫੌਰੀ ਤੌਰ ਤੇ ਮੰਨਿਆ ਜਾਵੇਂ ਨਹੀਂ ਤਾਂ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਉਹਨਾਂ ਮੰਗ ਕੀਤੀ ਕਿ ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਜਮ੍ਹਾਂ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਫ਼ਸਲ ਦੀ ਅਦਾਇਗੀ ਕਾਸ਼ਤਕਾਰ ਨੂੰ ਕੀਤੀ ਜਾਵੇ।
ਕਿਸਾਨ ਨੂੰ ਸਿੱਧੇ ਬੈਂਕ ਖਾਤੇ ਵਿੱਚ ਅਦਾਇਗੀ ਵਾਲੇ ਪ੍ਰਬੰਧ ਨੂੰ ਹਾਲ ਦੀ ਘੜੀ ਵਿੱਚ ਵਾਪਸ ਲਿਆ ਜਾਵੇ। ਕਾਹਲੀ ਵਿੱਚ ਇਸ ਨੂੰ ਲਾਗੂ ਕਰਨਾ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਜੋ ਕਿ ਕਿਸਾਨਾਂ ਫਸਲ ਦੀ ਕੀਮਤ ਦੀ ਅਦਾਇਗੀ ਵਿੱਚ ਅੜਿੱਕਾ ਬਣੇਗੀ।
ਤੈਅ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕੀਤੀ ਜਾਵੇ ਅਤੇ ਉਸ ਤੋਂ ਘੱਟ ਮੁੱਲ 'ਤੇ ਖਰੀਦ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਭਾਰਤ ਸਰਕਾਰ ਵੱਲੋਂ ਲਗਾਤਾਰ ਬਜਟ ਘੱਟ ਕੀਤਾ ਜਾ ਰਿਹਾ ਹੈ। ਨਾਲ ਹੀ ਐਫਸੀਆਈ ਦੇ ਖਰੀਦ ਕੇਂਦਰ ਵੀ ਘੱਟ ਕੀਤੇ ਗਏ ਹਨ। ਸਾਡੀ ਮੰਗ ਹੈ ਕਿ ਐਫਸੀਆਈ ਲਈ ਬਣਦਾ ਬਜਟ ਦਿੱਤਾ ਜਾਵੇ ਅਤੇ ਉਸਦਾ ਪੂਰਾ ਉਪਯੋਗ ਵੀ ਕੀਤਾ ਜਾਵੇ।
ਲੱਖਾਂ ਕਰੋੜਾਂ ਲੋਕਾਂ ਲਈ ਅੰਨ ਦਾ ਜ਼ਰੀਆ ਬਣੀ 'ਜਨਤਕ ਵੰਡ ਪ੍ਰਣਾਲੀ' ਲਈ ਸਰਕਾਰ ਬਣਦਾ ਭੰਡਾਰ ਐਫਸੀਆਈ ਰਾਹੀਂ ਕਰੇ ਤਾਂ ਕਿ ਲੋਕਾਂ ਨੂੰ ਭੁੱਖ ਦਾ ਸ਼ਿਕਾਰ ਨਾ ਹੋਣਾ ਪਵੇ।
ਕਿਸਾਨ ਦੀ ਫਸਲ ਦੀ ਖ੍ਰੀਦ ਪ੍ਰਕਿਰਿਆ ਘੱਟੋ- ਘੱਟ ਸਮੇਂ ਵਿੱਚ
ਮੁਕੰਮਲ ਕੀਤੀ ਜਾਵੇ। ਬਾਰਦਾਨੇ ਅਤੇ ਹੋਰ ਸਹੂਲਤਾਂ ਦੀ ਘਾਟ ਕਰਕੇ ਕਿਸਾਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਐਫਸੀਆਈ ਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕੀਤੇ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ।
ਖੇਤੀ ਕਾਨੂੰਨਾਂ ਖ਼ਿਲਾਫ਼ ਡਾਂਡੀ(ਗੁਜਰਾਤ) ਤੋਂ ਸ਼ੁਰੂ ਹੋਈ ਮਿੱਟੀ ਸੱਤਿਆਗ੍ਰਹਿ ਯਾਤਰਾ ਦਾ ਸੁਨਾਮ ਅਤੇ ਪਿੰਡ ਛਾਜਲੀ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਛਾਜਲੀ ਤੋਂ ਸ਼ਹੀਦ ਊਧਮ ਸਿੰਘ ਸਮਾਰਕ, ਸੁਨਾਮ ਤੱਕ ਮਾਰਚ ਕੱਢਣ ਉਪਰੰਤ ਸ਼ਹੀਦ ਊਧਮ ਸਿੰਘ ਦੀ ਜਨਮ-ਧਰਤੀ ਸੁਨਾਮ ਤੋਂ ਮਿੱਟੀ ਇਕੱਠੀ ਕੀਤੀ ਗਈ। ਯਾਤਰਾ ਦੀ ਅਗਵਾਈ ਕਰ ਰਹੀ ਉੱਘੀ ਸਮਾਜਿਕ-ਕਾਰਕੁੰਨ ਮੇਧਾ ਪਾਟੇਕਰ ਨੇ ਕਿਹਾ ਕਿ ਉਹ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿੱਟੀ ਇਕੱਠੀ ਕਰ ਕੇ ਦੇਸ਼ ਦੇ ਲੋਕਾਂ ਅਤੇ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਦੇਸ਼ ਨੂੰ ਜੋੜਨ ਦੇ ਵਿੱਚ ਯਕੀਨ ਰੱਖਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼-ਭਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰਾਹ ਦਿਖਾਇਆ ਹੈ। ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਇਕੱਠੀ ਕੀਤੀ ਮਿੱਟੀ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਲਿਜਾ ਕੇ ਕਿਸਾਨ-ਅੰਦੋਲਨ ਦੇ ਸ਼ਹੀਦਾਂ ਦੀ ਯਾਦ 'ਚ ਸਮਾਰਕ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ-ਸਰਕਾਰ ਨੂੰ ਦੇਸ਼ ਦੇ ਸਾਰੇ ਵਰਗਾਂ ਦੇ ਹਿੱਤਾਂ ਨੂੰ ਵੇਖਦਿਆਂ ਖੇਤੀ-ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਮਨ-ਸ਼ਾਂਤੀ ਅਤੇ ਭਾਈਚਾਰੇ ਦੀ ਮਿਸਾਲ ਬਣੇ ਕਿਸਾਨ-ਅੰਦੋਲਨ ਨੇ ਦੁਨੀਆਂ ਭਰ 'ਚ ਆਪਣੀ ਆਵਾਜ਼ ਪਹੁੰਚਾਈ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਸੁਨੀਲਮ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼-ਵਿਆਪੀ ਅੰਦੋਲਨ 'ਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।
ਪੰਜਾਬ ਤੋਂ ਦਿੱਲੀ ਦੇ ਕਿਸਾਨ-ਮੋਰਚਿਆਂ ਲਈ ਕਿਸਾਨਾਂ ਦੇ ਜਥਿਆਂ ਦਾ ਜਾਣਾ ਲਗਾਤਾਰ ਜਾਰੀ ਹੈ। ਅੱਜ ਲੁਧਿਆਣਾ ਜਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ ਚੋਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੀ ਅਗਵਾਈ 'ਚ ਸਿੱੱਧਵਾਂ ਕਲਾਂ ਤੋਂ ਗੁਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ 'ਚ ,ਪਿੰਡ ਸ਼ੇਰਪੁਰਾ ਕਲਾਂ ਤੋਂ ਅਰਜਨ ਸਿੰਘ ਖੇਲਾ, ਗੁਰੂਸਰ ਕਾਉਂਕੇ ਤੋਂ ਗੁਰਚਰਨ ਸਿੰਘ, ਪਿੰਡ ਚੀਮਾ ਤੋਂ ਨੰਬਰਦਾਰ ਬਲਵੰਤ ਸਿੰਘ, ਪਿੰਡ ਧੂਰਕੋਟ ਤੋਂ ਸਰਬਜੀਤ ਸਿੰਘ, ਪਿੰਡ ਜਲਾਲਦੀਵਾਲ ਤੋਂ ਪ੍ਰਧਾਨ ਦਰਸ਼ਨ ਸਿੰਘ,ਪਿੰਡ ਅਖਾੜਾ ਤੋਂ ਹਰਦੇਵ ਸਿੰਘ ਅਖਾੜਾ ਦੀ ਅਗਵਾਈ 'ਚ ਜਥੇ ਸਿੰਘੂ ਤੇ ਟਿੱਕਰੀ ਬਾਰਡਰ ਲਈ ਰਵਾਨਾ ਹੋਏ। ਕਿਸਾਨ-ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਈ 'ਚ ਲੁਧਿਆਣਾ ਜਿਲ੍ਹੇ ਦੇ ਲਗਭਗ ਕਰੀਬ 100 ਪਿੰਡਾਂ ਤੋਂ ਕਿਸਾਨ, ਮਜ਼ਦੂਰ ,ਮਾਵਾਂ, ਭੈਣਾਂ ਦਿੱਲੀ ਬਾਰਡਰਾਂ 'ਤੇ ਬੈਠੇ ਹਨ। ਸਾਰੇ ਹੀ ਪਿੰਡਾਂ 'ਚੋਂ ਹਫਤੇ ਦਸ ਦਿਨ ਬਾਅਦ ਧਰਨਾਕਾਰੀਆਂ ਦੀ ਅਦਲਾ ਬਦਲੀ ਜਾਰੀ ਹੈ। ਉਨਾਂ ਕਿਹਾ ਕਿ ਹਾੜੀ ਦੀ ਵਾਢੀ ਦੌਰਾਨ ਧਰਨੇ 'ਤੇ ਬੈਠੇ ਕਿਸਾਨਾਂ ਦੀ ਵਾਢੀ ਬਾਕੀ ਪਿੰਡ ਵਾਸੀ ਸਿਰੇ ਲਾਉਣਗੇ। ਉਨਾਂ ਕਿਹਾ ਕਿ ਅੰਤਿਮ ਜਿੱਤ ਤਕ ਸੰਘਰਸ਼ ਮੋਰਚੇ ਨਿਰਵਿਘਨ ਜਾਰੀ ਰਹਿਣਗੇ।