ਰਾਜਪਾਲ ਸਤਿਆਪਾਲ ਮਲਿਕ ਨੇ ਮੋਦੀ ਨੂੰ ਕਿਹਾ, ਸਰਦਾਰਾਂ ਨੁੰ ਦਿੱਲੀ ਬਾਰਡਰਾਂ ਤੋਂ ਖਾਲੀ ਹੱਥ ਨਾ ਭੇਜਣਾ, ਇਹ 300 ਸਾਲ ਤੱਕ ਭੁੱਲਦੇ ਨਹੀਂ
ਬਾਗਪਤ, 16 ਮਾਰਚ, 2021 : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਹਾ ਹੈ ਕਿ ਉਹ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਨੁੰ ਖਾਲੀ ਹੱਥ ਨਾ ਭੇਜਣ ਕਿਉਂਕਿ ਸਰਦਾਰ ਲੋਕ 300 ਸਾਲ ਤੱਕ ਗੱਲ ਨਹੀਂ ਭੁੱਲਦੇ ।
ਬਾਗਪਤ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਲਿਕ ਨੇ ਕਿਹਾ ਕਿ ਪਹਿਲਾਂ ਤਾਂ ਇਹ ਕਿਸਾਨ ਖਾਲੀ ਹੱਥ ਪਰਤਣ ਵਾਲੇ ਨਹੀਂ ਹਨ ਪਰ ਜੇਕਰ ਪਰਤ ਗਏ ਤਾਂ 300 ਸਾਲ ਤੱਕ ਗੱਲ ਨਹੀਂ ਭੁੱਲਣਗੇ।
ਉਹਨਾਂ ਇਹ ਵੀ ਕਿਹਾ ਕਿ ਪੱਤਰਕਾਰ ਅਰੁਣ ਨਹਿਰੂ ਨੇ ਉਹਨਾਂ ਨੂੰ ਦੱਸਿਆ ਸੀ ਕਿ ਇੰਦਰਾ ਗਾਂਧੀ ਨੇ ਇਕ ਮਹੀਨੇ ਤੱਕ ਮਹਾਂਮ੍ਰਿਤੰਜੇ ਦਾ ਪਾਠ ਕਰਵਾਇਆ ਸੀ। ਜਦੋਂ ਉਹਨਾਂ ਇੰਦਰਾ ਗਾਂਧੀ ਨੂੰ ਪੁੱਛਿਆ ਕਿ ਉਹ ਤਾਂ ਇਹਨਾਂ ਗੱਲਾਂ ਵਿਚ ਵਿਸ਼ਵਾਸ ਨਹੀਂ ਕਰਦੇ ਤਾਂ ਇੰਦਰਾ ਨੇ ਕਿਹਾ ਸੀ ਕਿ ਤੁਹਾਨੂੰ ਪਤਾ ਨਹੀਂ ਹੈ। ਮੈਂ ਇਹਨਾਂ ਦਾ ਅਕਾਲ ਤਖਤ ਢਾਹ ਦਿੱਤਾ ਹੈ, ਇਹਨਾਂ ਨੇ ਮੈਨੂੰ ਛੱਡਣਾ ਨਹੀਂ ਹੈ।
ਮਲਿਕ ਨੇ ਇਹ ਵੀ ਕਿਹਾ ਕਿ ਜਿਸ ਦੇਸ਼ ਵਿਚ ਕਿਸਾਨ ਤੇ ਜਵਾਨ ਖੁਸ਼ ਨਹੀਂ ਹੁੰਦੇ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਮਲਿਕ ਨੇ ਕਿਹਾ ਕਿ ਭਾਵੇਂ ਕਿਹਾ ਜਾ ਰਿਹਾ ਹੈਕਿ ਨਵੇਂ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ ਪਰ ਅਸਲੀਅਤ ਇਹ ਹੈ ਕਿ 15 ਸਾਲਾਂ ਤੋਂ ਕੋਈ ਵੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨਹੀਂ ਰਿਹਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਐਮ ਐਸ ਪੀ ਦਾ ਕਾਨੂੰਨ ਬਣਾ ਕੇ ਦੇਣਾ ਚਾਹੀਦਾ ਹੈ.
ਚੇਤੇ ਰਹੇ ਕਿ ਸੱਤਿਆ ਪਾਲ ਮਲਿਕ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਗਵਰਨਰ ਸਨ ਅਤੇ ਉਦੋਂ ਬੇਬਾਕ ਹੋ ਕੇ ਸੱਚ ਬੋਲ ਦਿੰਦੇ ਸਨ ।
ਐਨ ਡੀ ਟੀ ਵੀ ਦੀ ਵੀਡੀਉ ਦੇਖੋ :