ਸੰਜੀਵ ਜਿੰਦਲ
ਮਾਨਸਾ- 8 ਅਪ੍ਰੈਲ 2021 - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਯੂਰੀਆ ਦੇ ਰੇਟਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਜੋ ਕਿਸਾਨ ਵਰਗ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਕੇਂਦਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਕਿਸਾਨਾਂ ਵੱਲੋਂ ਕੀਤੇ ਵਿਰੋਧ ਦਾ ਬਦਲਾ ਰੇਹ- ਸਪਰੇਅ ਦੇ ਰੇਟਾਂ ਵਿੱਚ ਵਾਧਾ ਕਰਕੇ ਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ ਇਹ ਬੋਰੀ 1100 ਰੁਪਏ ਦੀ ਸੀ ਹੁਣ 1400 ਰੁਪਏ ਦੀ ਵਿਕ ਰਹੀ ਹੈ । ਇਸ ਤੋਂ ਬਾਅਦ 1800 ਰੁਪਏ ਦੀ ਕੀਤੀ ਜਾਵੇਗੀ ਅਤੇ ਜੋ ਸਬਸਿਡੀ ਹੈ ਉਹ ਖਾਤਿਆਂ ਵਿੱਚ ਪਾਈ ਜਾਵੇਗੀ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਗੈਸ ਦੇ ਰੇਟਾਂ ਵਿੱਚ ਸਬਸਿਡੀ ਖ਼ਤਮ ਕਰ ਦਿੱਤੀ ਹੈ, ਇਸੇ ਤਰ੍ਹਾਂ ਹੀ ਰੇਹ ਦੇ ਰੇਟਾਂ ਵਿੱਚ ਵੀ ਅਜਿਹਾ ਹੀ ਕੀਤਾ ਜਾਵੇਗਾ ਇਕ ਦੋ ਵਾਰ ਸਬਸਿਡੀ ਪਾਈ ਜਾਵੇਗੀ । ਉਸ ਤੋਂ ਬਾਅਦ ਸਬਸਿਡੀ ਬੰਦ ਕਰਕੇ ਕਿਸਾਨਾਂ ਦਾ ਗਲ ਘੁੱਟਿਆ ਜਾਵੇਗਾ ।
ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜੋ ਸੰਘਰਸ਼ ਲੜਿਆ ਜਾ ਰਿਹਾ ਹੈ , ਉਸ ਦੀ ਬੁਖਲਾਹਟ ਵਿੱਚ ਆਈ ਮੋਦੀ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਹੈ । ਤਾਂ ਜੋ ਕਿਸਾਨਾਂ ਨੂੰ ਖੱਜਲ ਖੁਆਰ ਕਰ ਕੇ ਧਰਨੇ ਤੋਂ ਉਠਾਇਆ ਜਾ ਸਕੇ ਪਰ ਕੇਂਦਰ ਸਰਕਾਰ ਅਜਿਹੇ ਮਨਸੂਬਿਆਂ ਚ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ ਅਤੇ ਕੇਂਦਰ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਜਿੱਥੇ ਕਾਲੇ ਕਾਨੂੰਨ ਵਾਪਸ ਕਰਵਾਏ ਜਾਣਗੇ ਉੱਥੇ ਹੀ ਰੇਹ ਦੇ ਰੇਟਾਂ ਵਿੱਚ ਕੀਤੇ ਭਾਰੀ ਵਾਧੇ ਦਾ ਵੀ ਵਿਰੋਧ ਕਰ ਕੇ ਇਹ ਰੇਟ ਵਾਪਸ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ।