ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 11 ਅਪ੍ਰੈਲ 2021 - ਕੇਂਦਰ ਸਰਕਾਰ ਵੱਲੋਂ ਸਯੁੰਕਤ ਕਿਸਾਨ ਮੋਰਚੇ ਨਾਲ਼ 77 ਦਿਨਾਂ ਬਾਅਦ ਵੀ ਅਗਲੇ ਦੌਰ ਦੀ ਗੱਲਬਾਤ ਨਾ ਸ਼ੁਰੂ ਕਰਨ ਦੇ ਬਾਵਜੂਦ ਵੀ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਅਤੇ ਚੜ੍ਹਦੀ ਕਲਾ ਵਿੱਚ ਹਨ। ਪੰਜਾਬ ਵਿੱਚੋਂ ਲਗਾਤਾਰ ਕਿਸਾਨਾਂ ਦੇ ਜਥੇ ਦਿੱਲੀ ਨੂੰ ਰਵਾਨਾ ਹੋ ਰਹੇ ਹਨ, ਜਿਸ ਦੇ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਟਿੱਬਾ ਤੋਂ ਕਿਸਾਨਾਂ ਦਾ 13ਵਾਂ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਠੱਟਾ-ਟਿੱਬਾ ਇਲਾਕੇ ਤੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂ ਅਮਰਜੀਤ ਸਿੰਘ ਜੇ.ਈ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਹਲਕੇ ਤੋਂ ਕਿਸਾਨ ਲਗਾਤਾਰ ਦਿੱਲੀ ਨੂੰ ਰਵਾਨਾ ਹੋ ਰਹੇ ਹਨ।
ਉਨ੍ਹਾਂ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਖੇਤੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਅੱਗੇ ਤੌਰਨ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਖੇਤੀਬਾੜੀ ਮੰਤਰੀ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਮੌਕੇ ਸੂਰਤ ਸਿੰਘ ਅਮਰਕੋਟ, ਕੁਲਦੀਪ ਸਿੰਘ, ਸਰਪੰਚ ਰਵਿੰਦਰ ਸਿੰਘ, ਬਲਵਿੰਦਰ ਠੇਕੇਦਾਰ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ੈਰੀ,ਮਾਸਟਰ ਸ਼ਿੰਗਾਰਾ ਸਿੰਘ, ਮਨਜੀਤ ਸਿੰਘ ਟੀਟਾ,ਮਦਨ ਲਾਲ ਕੰਡਾ, ਮਨਜਿੰਦਰ ਸਿੰਘ,ਸਾਬੀ ਆਦਿ ਹਾਜ਼ਰ ਸਨ।