ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 31 ਮਾਰਚ 2021-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਰੋਸ ਧਰਨਿਆਂ ਦੌਰਾਨ ਜਿੱਥੇ ਹਰ ਵਰਗ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ, ਉਥੇ ਹੀ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੀ ਪਿੱਛੇ ਨਹੀਂ ਰਹੀਆਂ ਤੇ ਕਿਸਾਨੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਕਰਾਂ ਤੇ ਹੈਲਪਰਾਂ ਦੇ ਜਥੇ ਲਗਾਤਾਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਹੁਣ ਤੱਕ 10 ਜ਼ਿਲ੍ਹਿਆਂ ਦੀਆਂ ਵਰਕਰਾਂ ਤੇ ਹੈਲਪਰਾਂ ਦਿੱਲੀ ਵਿਖੇ ਲੱਗੇ ਧਰਨਿਆਂ ਵਿੱਚ ਪੁੱਜ ਚੁੱਕੀਆਂ ਹਨ। ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਹਰ ਸ਼ਨੀਵਾਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਜਥਾ ਦਿੱਲੀ ਜਾਣ ਲਈ ਰਵਾਨਾ ਹੁੰਦਾ ਹੈ ਤੇ ਸੋਮਵਾਰ ਨੂੰ ਵਾਪਿਸ ਆਉਂਦਾ ਹੈ। ਸਾਰੇ ਜਿਲ੍ਹਿਆਂ ਤੋਂ ਆਪਣੀ ਵਾਰੀ ਨਾਲ ਜਥੇ ਦਿੱਲੀ ਭੇਜੇ ਜਾ ਰਹੇ ਹਨ। ਗੱਲਬਾਤ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਵਿੱਚੋਂ ਹਨ, ਜੇਕਰ ਖੇਤੀ ਧੰਦਾ ਹੀ ਸਰਕਾਰ ਨੇ ਫੇਲ੍ਹ ਕਰ ਦਿੱਤਾ ਤਾਂ ਲੋਕ ਕਿੱਧਰ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਵਿੱਚ ਹਰੇਕ ਥਾਂ ਜਥੇਬੰਦੀ ਸ਼ਮੂਲੀਅਤ ਕਰਦੀ ਹੈ ਤੇ ਡਟਕੇ ਕਿਸਾਨਾਂ ਦਾ ਸਾਥ ਦਿੱਤਾ ਜਾਂਦਾ ਹੈ।