ਅਸ਼ੋਕ ਵਰਮਾ
ਨਵੀਂ ਦਿੱਲੀ, 19 ਮਾਰਚ 2021:ਨਵੇਂ ਖੇਤੀ ਕਾਨੂੰਨਾਂ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਲੱਗੇ ਕਿਸਾਨ ਮੋਰਚੇ 'ਚ ਅੱਜ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦਾ ਦਿਹਾੜਾ ਮਨਾਇਆ ਗਿਆ।ਪਕੌੜਾ ਚੌਕ ਵਿੱਚ ਹੋਈ ਵੱਡੀ ਰੈਲੀ ਦੌਰਾਨ ਇਨ੍ਹਾਂ ਸ਼ਹੀਦਾਂ ਨੂੰ ਦੋ ਮਿੰਟ ਲਈ ਮੌਨ ਰਹਿ ਕੇ ਸੰਗਰਾਮੀ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੈਪਸੂ ਖੇਤਰ ਦੇ ਮੁਜ਼ਾਰਿਆਂ ਦਾ ਸੰਘਰਸ਼ ਜਾਲਮ ਜਗੀਰਦਾਰੀ ਖ਼ਿਲਾਫ਼ ਸੀ ਜਿਸ ਸੰਘਰਸ਼ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਇਹ ਸੰਗਰਾਮੀ ਵਿਰਾਸਤ ਪ੍ਰੇਰਨਾਦਾਇਕ ਹੈ।ਇਸ ਸੰਘਰਸ਼ ਦੌਰਾਨ ਕਿਸਾਨ ਏਕਤਾ ਅਤੇ ਕੁਰਬਾਨੀ ਦਾ ਜਜ਼ਬਾ ਮਿਸਾਲੀ ਹਨ।
ਮਾਨਸਾ ਤੇ ਸੰਗਰੂਰ ਖੇਤਰ ਦੇ ਸੈਂਕੜੇ ਪਿੰਡਾਂ ਦੇ ਉਹਨਾਂ ਸੂਰਮੇ ਕਿਸਾਨਾਂ ਦੀਆਂ ਅਗਲੀਆਂ ਪੀੜ੍ਹੀਆਂ ਅੱਜ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਹੀ ਜ਼ਮੀਨਾਂ ਦੀ ਰਾਖੀ ਲਈ ਜੂਝ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਮਗਰੋਂ ਚਾਹੇ ਕਿਸਾਨ ਜ਼ਮੀਨਾਂ ਦੇ ਮਾਲਕ ਬਣ ਤਾਂ ਗਏ ਪਰ ਜਗੀਰੂ ਲੁੱਟ ਵੱਖ ਵੱਖ ਢੰਗਾਂ 'ਚ ਜਾਰੀ ਰਹੀ ਹੈ।ਜਗੀਰੂ ਲੁੱਟ ਦੇ ਰੂਪ ਬਦਲ ਗਏ ਹਨ ਪਰ ਸਾਮਰਾਜੀ ਲੁੱਟ ਨਾਲ ਜੁੜ ਕੇ ਇਹ ਅਜੇ ਵੀ ਕਿਸਾਨਾਂ ਦਾ ਖੂਨ ਚੂਸ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਨਵੇਂ ਖੇਤੀ ਕਨੂੰਨਾਂ ਦਾ ਹਮਲਾ ਸਾਮਰਾਜੀ ਲੁੱਟ ਖਸੁੱਟ ਦਾ ਹਮਲਾ ਹੈ ਜਿਸਦਾ ਸਿੱਟਾ ਕਿਸਾਨਾਂ ਉਪਰ ਕਰਜ਼ਿਆਂ ਦਾ ਭਾਰ ਵਧਣ,ਸੂਦਖੋਰੀ ਲੁੱਟ ਹੋਰ ਤੇਜ਼ ਹੋਣ ਅਤੇ ਜ਼ਮੀਨਾਂ ਦੇ ਕਿਸਾਨਾਂ ਹੱਥੋਂ ਖੁਰਨ ਦੇ ਰੂਪ 'ਚ ਵੀ ਨਿਕਲਣਾ ਹੈ।
ਬਠਿੰਡਾ ਜ਼ਿਲ੍ਹਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਦੇਸ਼ ਦੀਆਂ ਹਕੂਮਤਾਂ ਕਿਸਾਨਾਂ ਦੇ ਪੱਖ 'ਚ ਪਹਿਲਾਂ ਤੋਂ ਹੀ ਬਣੇ ਕਾਨੂੰਨ ਲਾਗੂ ਕਰਨ ਦੀ ਥਾਂ ਤੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਨਵੇਂ ਕਾਲੇ ਕਾਨੂੰਨ ਲਾਗੂ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੇ ਜ਼ਮੀਨਾਂ ਦੀ ਮਾਲਕੀ ਲਈ ਕੁਰਬਾਨੀਆਂ ਦਿੱਤੀਆਂ ਪਰ ਸਰਕਾਰਾਂ ਨਵੇਂ ਆਰਥਿਕ ਸੁਧਾਰਾਂ ਦੇ ਨਾਂ 'ਤੇ ਖੇਤੀ ਫੇਲ੍ਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆਂ ਨੀਤੀਆਂ ਤੇ ਚੱਲ ਰਹੀਆਂ ਹਨ।ਇਸੇ ਨੀਤੀਆਂ ਤਹਿਤ ਹਰ ਸਾਲ ਕਣਕ,ਝੋਨਾ ਅਤੇ ਨਰਮੇ ਦੀ ਸਰਕਾਰੀ ਖ਼ਰੀਦ ਤੇ ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਸਖ਼ਤ ਮੜ ਕੇ ਖਰੀਦ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਣਿਆ ਲੈਂਡ ਸੀਲਿੰਗ ਐਕਟ ਸਖ਼ਤੀ ਨਾਲ ਲਾਗੂ ਕਰਕੇ ਜਗੀਰਦਾਰਾਂ ਤੋਂ ਵਾਧੂ ਜ਼ਮੀਨਾਂ ਜ਼ਬਤ ਕਰ ਕੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੀਆਂ ਜਾਣ।ਅਜ਼ਾਦ ਰੰਗ ਮੰਚ ਕਲਾ ਭਵਨ(ਰਜਿ) ਫਗਵਾੜਾ ਵੱਲੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਨਾਟਕ ਅਤੇ ਕੋਰੀਓਗ੍ਰਾਫੀ "ਮਸ਼ਾਲਾਂ ਬਾਲ ਕੇ ਚੱਲਣਾ" ਪੇਸ਼ ਕੀਤੀ ਗਈ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸੰਤੋਖ ਸਿੰਘ,ਹਰਨੇਕ ਸਿੰਘ, ਜਗਸੀਰ ਦੋਦੜਾ,ਕਸ਼ਮੀਰ ਭਿੰਡਰ, ਗੁਰਜੀਤ ਕੌਰ ਮਾਨਸਾ,ਹੁਸ਼ਿਆਰ ਯੋਧ ਸਿੰਘ ਵਾਲਾ,ਸੁਖਵਿੰਦਰ ਮੁਲੋਵਾਲ,ਬਚਿੱਤਰ ਕੌਰ ਤਲਵੰਡੀ ਮੱਲੀਆਂ,ਸੁਖਪਾਲ ਮਾਣਕ ਅਤੇ ਭੋਪਾਲ ਸਿੰਘ ਕਿਸਾਨ ਮੰਚ ਪ੍ਰਦੇਸ਼ ਅਧਿਅਕਸ ਉੱਤਰਾਖੰਡ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।