ਅਸ਼ੋਕ ਵਰਮਾ
ਬਠਿੰਡਾ,11ਅਪਰੈਲ2021:ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਤੇ ਆਪਣੇ ਚਚੇਰੇ ਭਰਾ ਦੀ ਵਹਿਸ਼ੀਆਨਾ ਢੰਗ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਲੱਖਾ ਸਿਧਾਣਾ ਦੇ ਚਾਚੇ ਦੇ ਪੁੱਤਰ ਗਰਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਹਸਪਤਾਲ ’ਚ ਲਿਆਂਦਾ ਗਿਆ ਸੀ ਜਿੱਥੋਂ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਸੀ। ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਦਿੱਲੀ ਪੁਲਿਸ ਨੇ ਗੁਰਦੀਪ ਸਿੰਘ ਨੂੰ ਨਜਾਇਜ ਹਿਰਾਸਤ ’ਚ ਰੱਖਿਆ ਅਤੇ ਬੁਰੀ ਤਰਾਂ ਕੁੱਟਮਾਰ ਕਰਨ ਉਪਰੰਤ ਅੰਬਾਲਾ ’ਚ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਲਾਅ ਦੀ ਸਿੱਖਿਆ ਹਾਸਲ ਕਰ ਰਿਹਾ ਹੈ ਜੋ 8 ਅਪਰੈਲ ਨੂੰ ਪੇਪਰ ਦੇਣ ਲਈ ਪਟਿਆਲਾ ਗਿਆ ਸੀ ਜਿੱਥੋਂ ਉਸ ਨੂੰ ਦਿੱਲੀ ਪੁਲਿਸ ਨੇ ਚੁੱਕ ਲਿਆ ਅਤੇ ਚੰਡੀਗੜ੍ਹ ਲਿਜਾਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਤੇ ਅੰਬਾਲੇ ਲਿਾਜਕੇ ਛੱਡ ਦਿੱਤਾ।
ਉਨ੍ਹਾਂ ਆਖਿਆ ਕਿ ਦਿੱਲੀ ਪੁਲਿਸ ਜੋ ਮਰਜੀ ਕਰੇ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਰੱਖਣਗੇ। ਇਸ ਮਾਮਲੇ ਨੂੰ ਲੈਕੇ ਲੱਖਾ ਸਿਧਾਣਾ ਦੇ ਨਾਲ ਆਏ ਉਸ ਦੇ ਸਾਥੀਆਂ ਨੇ ਦਿੱਲੀ ਪੁਲਿਸ ਖਿਲਾਫ ਰੋਸ ਜਤਾਇਆ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਹਾਜਰ ਲੋਕਾਂ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਦਿੱਲੀ ਪੁਲਿਸ ’ਚ ਦਮ ਹੈ ਤਾਂ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਕੇ ਦਿਖਾਏ। ਉਨ੍ਹਾਂ ਆਖਿਆ ਕਿ ਦਿੱਲੀ ਪੁਲਿਸ ਲੱਖੇ ਸਿਧਾਣਾ ਦੇ ਰਿਸ਼ਤੇਦਾਰਾਂ ਤੇ ਜਬਰ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਕੋਲ ਵਾਪਰੀਆਂ ਘਟਨਾਵਾਂ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਦੋਸ਼ੀ ਵਜੋਂ ਨਾਮਜਦ ਕਰਕੇ ਪੁਲਿਸ ਕੇਸ ਦਰਜ ਕੀਤਾ ਸੀ ਜਿਸ ਨੂੰ ਲੈਕੇ ਦਿੱਲੀ ਪੁਲਿਸ ਤੇ ਤਾਜਾ ਚੱਕ ਥੱਲ ਦੇ ਦੋਸ਼ ਲਾਏ ਹਨ।