ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2021: ਭਾਰਤੀ ਜੰਤਾ ਪਾਰਟੀ ਦੇ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਲਕ ਦਾ ਸਭ ਤੋਂ ਵੱਡਾ ਗੱਪੀ ਕਰਾਰ ਦਿੱਤਾ ਅਤੇ ਖੇਤੀ ਕਾਨੂੰਨਾਂ ਦੀ ਅੱਜ ਵੀ ਵਕਾਲਤ ਕੀਤੀ ਹੈ। ਬਠਿੰਡਾ ’ਚ ਅੱਜ ਪੱਤਰਕਾਰਾਂ ਨੂੰ ਸੰਬੋਧਲ ਕਰਦਿਆਂ ਜਿਆਣੀ ਨੇ ਆਖਿਆ ਕਿ ਪਹਿਲਾਂ ਝੂਠ ਬੋਲਣ ਦੇ ਮਾਮਲੇ ’ਚ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਹਿਲੇ ਅਤੇ ਕੈਪਟਨ ਨੂੰ ਦੂਸਰੇ ਸਥਾਨ ਤੇ ਮੰਨਦੇ ਸਨ ਪਰ ਚਾਰ ਸਾਲ ਦਾ ਲੇਖਾ ਜੋਖਾ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਕਫੇ ਦੌਰਾਨ ਪਹਿਲਾ ਨੰਬਰ ਹਾਸਲ ਕਰ ਲਿਆ ਹੈ। ਭਾਜਪਾ ਆਗੂ ਨੇ ਅੱਜ ਕੈਪਟਨ ਸਰਕਾਰ ਨੂੰ ਐਨ ਉਸ ਵਕਤ ਨਿਸ਼ਾਨੇ ਤੇ ਲਿਆ ਹੈ ਜਦੋਂ ਕਾਂਗਰਸ ਸਰਕਾਰ ਚਾਰ ਸਾਲ ਪੂਰੇ ਹੋਣ ’ਤੇ ‘ਨਰੋਆ ਪੰਜਾਬ’ ਦੇ ਨਾਅਰੇ ਨਾਲ ਆਪਣੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਗਿਣਾ ਰਹੀ ਹੈ।
ਬਠਿੰਡਾ ਪੁੱਜੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਵਾਲੇ ਪ੍ਰਚਾਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਕਿਸੇ ਨੂੰ ਵੀ ਪੁੱਛੀਏ ਤਾਂ ਸਿਆਸਤ ’ਚ ਕੈਪਟਨ ਤੋਂ ਵੱਡਾ ਝੂਠਾ ਕੋਈ ਨਹੀਂ ਹੋ ਸਕਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਚਾਰ ਸਾਲ ਦੇ ਲੇਖੇ ਜੋਖੇ ਆਪਣੇ ਵਾਅਦਿਆਂ ’ਚੋਂ 85 ਫੀਸਦੀ ਵਾਅਦੇ ਪੂਰੇ ਕਰਨ ਦੀ ਗੱਲ ਆਖੀ ਹੈ ਜਦੋਂਕਿ ਹਕੀਕਤ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਭ ਤੋਂ ਵੱਡਾ ਝੂਠ ਬੋਲਿਆ ਹੈ ਕਿਉਂਕਿ ਅਸਲ ’ਚ ਉਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀ ਵਰਗ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ ।
ਉਨ੍ਹਾਂ ਸਵਾਲ ਕਿ ਕੈਪਟਨ ਦੱਸਣ ਕਿ ਮੈਨੀਫੈਸਟੋ ’ਚੋਂ ਕਿਹੜੇ ਵਾਅਦੇ ਪੂਰੇ ਕੀਤੇ ਗਏ ਹਨ। ਉਨ੍ਹਾਂਇਸ ਮਾਮਲੇ ’ਚ ਕਿਸਾਨਾਂ ਦੇ ਕਰਜ਼ਾ ਮੁਆਫੀ ਤੋਂ ਇਲਾਵਾ ਘਰ-ਘਰ ਨੌਕਰੀ ਵਾਲੇ ਵਾਅਦੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਜਿਆਣੀ ਨੇ ਆਖਿਆ ਕਿ ਸਰਕਾਰ ਨੇ ਚਾਰ ਸਾਲਾਂ ’ਚ ਕੀਤਾ ਵੀ ਕੁੱਝ ਨਹੀਂ ਤੇ ਆਪਣੇ ਸਿਰ ਕਰਜ਼ਾ ਦੁੱਗਣਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵਾਅਦੇ ਪੂਰੇ ਨਾ ਹੋਣ ਤੋਂ ਬਾਅਦ ਪੰਜਾਬ ’ਚ ਪੈਦਾ ਹੋਏ ਲੋਕ ਰੋਹ ਕਰਕੇ ਹੀ ਕੈਪਟਨ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਯਾਦ ਆਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਜਿਆਣੀ ਨੇ ਕਿਹਾ ਕਿ ਪਹਿਲਾਂ ਉਹ ਖ਼ਜਾਨਾ ਖਾਲੀ ਹੋਣ ਦੀ ਰਟ ਲਗਾਉਂਦੇ ਰਹਿੰਦੇ ਸਨ ਪਰ ਹੁਣ ਲੋਕਾਂ ਨੂੰ ਬਹੁਤ ਕੁੱਝ ਦੇਣ ਦੇ ਵਾਅਦੇ ਕਰਦੇ ਹਨ । ਉਨ੍ਹਾਂ ਆਖਿਆ ਕਿ ਵਿੱਤ ਮੰਤਰੀ ਇਸ ਭੁਲੇਖੇ ’ਚ ਨਾਂ ਰਹਿਣ ਲੋਕਾਂ ਸਭ ਪਤਾ ਹੈ ਕਿ ਹੁਣ ਚੋਣਾਂ ਤੋਂ ਪਹਿਲਾਂ ਖਜ਼ਾਨਾ ਕਿਸ ਕਾਰਨ ਡੁੱਲ੍ਹ ਡੁੱਲ੍ਹ ਕਰਨ ਲੱਗਿਆ ਹੈ। ਇਸ ਮੌਕੇ ਭਾਜਪਾ ਦੇ ਸੂਬਾ ਮੀਡੀਆ ਕੋਆਰਡੀਨੇਟਰ ਸੁਨੀਲ ਸਿੰਗਲਾ, ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਨੋਦ ਬਿੰਟਾ ਤੇ ਭਾਜਪਾ ਆਗੂ ਪ੍ਰਿਤਪਾਲ ਸਿੰਘ ਬੀਬੀਵਾਲਾ ਆਦਿ ਹਾਜ਼ਰ ਸਨ
ਜਿਆਣੀ ਵੱਲੋਂ ਖੇਤੀ ਕਾਨੂੰਨਾਂ ਦੀ ਵਕਾਲਤ
ਭਾਜਪਾ ਆਗੂ ਸੁਰਜੀਤ ਜਿਆਣੀ ਨੇ ਅੱਜ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਤੇ ਇੰਨ੍ਹਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ। ਉਨ੍ਹਾਂ ਆਖਿਆ ਕਿ ਇੰਨ੍ਹਾਂ ਕਾਨੂੰਨਾਂ ’ਚ ਕੁੱਝ ਵੀ ਕਾਲਾ ਨਹੀਂ ਹੈ। ਇੱਕ ਸਵਾਲ ਦੇ ਜਵਾਬ ’ਚ ਸੁਰਜੀਤ ਜਿਆਣੀ ਨੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕਰਵਾਈ ਸੀ ਕਿਉਂਕਿ ਕਿਸਾਨ ਕਹਿ ਰਹੇ ਸੀ ਸਰਕਾਰ ਗੱਲ ਨਹੀਂ ਸੁਣ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਤਾਂ ਅੱਜ ਵੀ ਗੱਲਬਾਤ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਅੱਜ ਵਾ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਕਿਸਾਨਾਂ ਨੂੰ ਫਾਇਦਾ ਹੀ ਦੇਣਗੇ ਇਹ ਸਮਾਂ ਆਉਣ ਤੇ ਸਾਬਤ ਹੋ ਜਾਣਾ ਹੈ।