ਪੁਲਸ ਛਾਉਣੀ ’ਚ ਬਦਲਿਆ ਮਲੋਟ ਸ਼ਹਿਰ, ਕਿਸਾਨਾਂ ਨੇ ਵੀ ਲਗਾਇਆ ਧਰਨਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 29 ਮਾਰਚ 2021-ਭਾਜਪਾ ਵਿਧਾਇਕ ’ਤੇ ਹਮਲੇ ਤੋਂ ਬਾਅਦ ਅੱਜ ਪਾਰਟੀ ਵੱਲੋਂ ਮਲੋਟ ਬੰਦ ਦੇ ਦਿੱਤੇ ਸੱਦੇ ਦਾ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਪਹਿਲਾਂ ਪੂਰੇ ਦਿਨ ਦੇ ਬੰਦ ਤੋਂ ਬਾਅਦ ਵਪਾਰ ਮੰਡਲ ਨੇ 2 ਵਜੇ ਤੱਕ ਰੱਖਣ ਦਾ ਫ਼ੈਸਲਾ ਕੀਤਾ। ਅੱਜ ਦਿਨ ਚੜ੍ਹਦਿਆਂ ਹੀ ਭਾਜਪਾ ਵਰਕਰਾਂ ਵੱਲੋਂ ਸ਼ਹਿਰ ਅੰਦਰ ਦੁਕਾਨਾਂ ਬੰਦ ਕਰਾਉਣ ਲਈ ਇਕ ਮਾਰਚ ਕੱਢਿਆ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ, ਪਰ ਇਸ ਦੇ ਬਾਵਜੂਦ ਮੇਨ ਬਜ਼ਾਰ ਅਤੇ ਅਨਾਜ ਮੰਡੀ ਸਮੇਤ ਜਿੱਥੇ ਕਈ ਬਜ਼ਾਰਾਂ ਵਿਚ ਅੱਧੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਪਰ ਇੰਦਰਾ ਰੋਡ , ਖੇਸਾਂ ਵਾਲੀ ਗਲੀ ਵਿਚਲੇ ਦੁਕਾਨਦਾਰਾਂ ਨੇ ਦੁਕਾਨਾਂ ਨਾ ਬੰਦ ਕਰਨ ਦਾ ਫ਼ੈਸਲਾ ਕਰਦਿਆਂ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਉੱਧਰ ਇਸ ਬੰਦ ਨੂੰ ਲੈ ਕੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਸਮੇਤ ਸੈਂਕੜੇ ਦੀ ਗਿਣਤੀ ਵਿਚ ਮੁਲਾਜ਼ਮ ਬਜ਼ਾਰ ਵਿਚ ਤਾਇਨਾਤ ਕੀਤੇ ਜਿਹੜੇ ਭਾਜਪਾ ਵਰਕਰਾਂ ਦੇ ਮਾਰਚ ਦੇ ਨਾਲ ਰਹੇ।
ਉੱਥੇ ਹੀ ਦੂਜੇ ਪਾਸੇ ਸ਼ਹਿਰ ਅੰਦਰ ਭਾਜਪਾ ਵਿਧਾਇਕ ’ਤੇ ਹਮਲੇ ਤੋਂ ਬਾਅਦ ਪੁਲਸ ਵੱਲੋਂ ਜਿੱਥੇ ਕਿਸਾਨਾਂ ਨੂੰ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਨਾਮਜ਼ਦ ਕੀਤਾ ਜਾ ਰਿਹਾ ਹੈ ਉੱਥੇ ਪਿੰਡਾਂ ਵਿਚ ਧੜਾ ਧੜ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਕਿਸਾਨਾਂ ਵਿਚ ਰੋਸ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲਸ ਨੇ ਭਾਵੇਂ ਸਿਰਫ਼ 4 ਵਿਅਕਤੀਆਂ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ ਪਰ ਅਸਲ ਵਿਚ ਗ੍ਰਿਫ਼ਤਾਰ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ। ਕਿਸਾਨ ਆਗੂ ਸਰਪੰਚ ਭੁਪਿੰਦਰ ਸਿੰਘ ਰਾਮ ਨਗਰ ਦਾ ਕਹਿਣਾ ਹੈ ਪੁਲਸ ਦੀ ਇਸ ਕਾਰਵਾਈ ਦਾ ਕਿਸਾਨਾਂ ਵਿਚ ਰੋਸ ਹੈ ਜਿਸ ਕਰਕੇ ਆਪ ਮੁਹਾਰੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਵੱਲੋਂ ਬਠਿੰਡਾ ਚੌਂਕ ਵਿਚ ਪੁੱਜ ਕਿ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਪੰਜਾਬ ਕਿਸਾਨ ਸਭਾ ਦੇ ਆਗੂ ਅਲਬੇਲ ਸਿੰਘ ਘੁਮਿਆਰਾ ਨੇ ਕਿਹਾ ਕਿ ਜਿੰਨੀ ਦੇਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਤੇ ਪੁਲਸ ਬਿਨਾਂ ਕਾਰਨ ਕਿਸਾਨਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਦਾ ਭਰੋਸਾ ਨਹੀਂ ਦਿੰਦੀ ਉੱਨੀ ਦੇਰ ਸੰਘਰਸ਼ ਨੂੰ ਖ਼ਤਮ ਨਹੀਂ ਕਰਨਗੇ। ਉਹਨਾਂ ਭਾਜਪਾ ਦੇ ਚੰਦ ਕੁ ਬੰਦਿਆਂ ਵੱਲੋਂ ਜਬਰੀ ਦੁਕਾਨਾਂ ਬੰਦ ਕਰਾਉਣ ਦੀ ਵੀ ਨਿੰਦਾ ਕੀਤੀ। ਕਿਸਾਨਾਂ ਦੀ ਗਿਣਤੀ ਨੂੰ ਵੇਖਦਿਆਂ ਪੁਲਸ ਨੇ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਹਨ । ਜਿਸ ਕਰਕੇ ਮਲੋਟ ਨੂੰ ਪੁਲਸ ਦੀ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਸ਼ੁਰੂਆਤੀ ਸਟੇਜ ਵਿਚ ਮਲੋਟ ਵਿਖੇ 700 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਸਨ, ਪਰ ਬਾਅਦ ਵਿਚ ਇਹ ਗਿਣਤੀ ਹੋਰ ਵਧਾ ਦਿੱਤੀ। ਇਸ ਕਾਰਨ ਤਣਾਅ ਦੀ ਸਥਿਤੀ ਬਣੀ ਹੋਈ ਹੈ।