ਅਸ਼ੋਕ ਵਰਮਾ
ਬਠਿੰਡਾ, 23 ਮਾਰਚ2021:ਅੱਜ ਕੌਮੀ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਵੇਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਬਠਿੰਡਾ ਜਿਲ੍ਹੇ ਵਿੱਚ ਟੋਲ ਪਲਾਜ਼ਾ ਜੀਦਾ, ਟੋਲ ਪਲਾਜ਼ਾ ਲਹਿਰਾ ਬੇਗਾ, ਬੈਸਟ ਪ੍ਰਾਈਸ ਭੁਚੋਮੰਡੀ, ਰਿਲਾਇੰਸ ਪੰਪ ਰਾਮਪੁਰਾ ਅਤੇ ਰਿਲਾਇੰਸ ਮਾਲ ਬਠਿੰਡਾ ਵਿਖੇ ਚੱਲ ਰਹੇ ਮੋਰਚਾ ਵਿਚ ਤੇਈ ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਅੱਜ ਦੇ ਮੁੱਖ ਬੁਲਾਰਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਸਮੇਂ ਚੱਲ ਰਹੀਆਂ ਇਨਕਲਾਬੀ ਲਹਿਰਾਂ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁੱਦੇ ਅਨੇਕਾਂ ਨੌਜਵਾਨਾਂ ,ਗ਼ਦਰੀ ਬਾਬਿਆਂ ਨੇ ਦੇਸ਼ ਚੋਂ ਸਾਮਰਾਜ ਦਾ ਗਲਬਾ ਖ਼ਤਮ ਕਰਨ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ।
ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਹਾਕਮ ਦੇਸ਼ੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਦੇਸ਼ ਦੇ ਜਨਤਕ ਅਦਾਰਿਆਂ ਤੇ ਮਾਲ ਖਜ਼ਾਨਿਆਂ ਤੇ ਕਬਜ਼ਾ ਕਰਾਉਣ ਲਈ ਨਵੇਂ ਨਵੇਂ ਕਾਨੂੰਨ ਬਣਾ ਰਹੇ ਹਨ ਅਤੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਖੇਤੀ ਵਿਰੋਧੀ ਨਵੇਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਖੇਤੀ ਖੇਤਰ ਵਿੱਚ ਸਾਮਰਾਜੀ ਕੰਪਨੀਆਂ ਦਾ ਦਖਲ ਬੰਦ ਕਰਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ।
ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ,ਰਾਜਵਿੰਦਰ ਸਿੰਘ ਰਾਜੂ ਰਾਮਨਗਰ ਅਤੇ ਸੁਖਜੀਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਮਾਰਚ ਨੂੰ ਭਾਰਤ ਬੰਦ ਦੇ ਸੱਦੇ ਦੌਰਾਨ ਜ਼ਿਲ੍ਹਾ ਬਠਿੰਡਾ ਵੱਲੋਂ ਭਗਤਾ ,ਟੋਲ ਪਲਾਜਾ ਜੀਦਾ,ਟੋਲ ਪਲਾਜ਼ਾ ਲਹਿਰਾ ਬੇਗਾ, ਰਿਲਾਇੰਸ ਪੰਪ ਰਾਮਪੁਰਾ ਵਿਖੇ ਸੜਕ ਅਤੇ ਮੌੜ ਮੰਡੀ ਵਿਖੇ ਰੇਲਵੇ ਲਾਈਨ ਤੇ ਧਰਨਾ ਲਾ ਕੇ ਰੇਲਵੇ ਤੇ ਸਡ਼ਕਾਂ ਜਾਮ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਹਮਲਾ ਕਿਸਾਨਾਂ, ਦੁਕਾਨਦਾਰਾਂ ,ਆਡ਼੍ਹਤੀਆਂ ,ਅਨਾਜ਼ ਅਤੇ ਸਬਜ਼ੀ ਮੰਡੀਆਂ ਅਤੇ ਇਸ ਨਾਲ ਜੁੜੇ ਦੁਕਾਨਦਾਰਾਂ, ਮਜ਼ਦੂਰਾਂ ,ਟਰਾਂਸਪੋਰਟਰਾਂ ਸਮੇਤ ਸਾਰੇ ਲੋਕਾਂ ਤੇ ਹੈ ।
ਉਨ੍ਹਾਂ ਕਿਹਾ ਕਿ ਇਸ ਦੀ ਤਿਆਰੀ ਲਈ ਚੌਵੀ ਅਤੇ ਪੱਚੀ ਮਾਰਚ ਨੂੰ ਸ਼ਹਿਰਾਂ ਵਿਚ ਵਪਾਰ ਮੰਡਲ ,ਆੜ੍ਹਤੀਆਂ,ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਭਾਰਤ ਬੰਦ ਦੇ ਸੱਦੇ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਅਤੇ ਸਾਰੇ ਕਿਰਤੀ ਲੋਕਾਂ ਨੂੰ ਉਸ ਦਿਨ ਸੜਕ ਤੇ ਰੇਲ ਜਾਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ ।ਅੱਜ ਦੇ ਇਕੱਠਾਂ ਨੂੰ ਪਰਮਜੀਤ ਕੌਰ ਕੋਟੜਾ, ਕਰਮਜੀਤ ਕੌਰ ਲਹਿਰਾਖਾਨਾ, ਸੁਖਦੇਵ ਸਿੰਘ ਰਾਮਪੁਰਾ, ਧਰਮਪਾਲ ਸਿੰਘ ਜੰਡੀਆਂ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ ਨੇ ਵੀ ਸੰਬੋਧਨ ਕੀਤਾ ।