ਅਸ਼ੋਕ ਵਰਮਾ
- ਪੁਲਿਸ ਵੱਲੋਂ ਦੋ ਫਰਮਾਂ ਖਿਲਾਫ ਕੇਸ ਦਰਜ
ਬਠਿੰਡਾ, 9 ਅਪਰੈਲ 2021 - ਰਾਜਸਥਾਨ ਅਤੇ ਯੂਪੀ ਆਦਿ ਸੂਬਿਆਂ ਤੋਂ ਬਠਿੰਡਾ ਦੀ ਅਨਾਜ ਮੰਡੀ ’ਚ ਵਿਕਣ ਲਈ ਆਈ ਕਣਕ ਦਾ ਰੱਫੜ ਪੈ ਗਿਆ ਹੈ। ਬਠਿੰਡਾ ਪੁਲਿਸ ਨੇ ਇਸ ਮਾਮਲੇ ’ਚ ਦੋ ਆੜ੍ਹਤੀ ਫਰਮਾਂ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ ਜਦੋਂਕਿ ਕਿਸਾਨ ਜੱਥੇਬੰਦੀਆਂ ਨੇ ਇਸ ਮਾਮਲੇ ’ਚ ਸੰਘਰਸ਼ ਦੀ ਧਮਕੀ ਦਿੱਤੀ ਹੈ। ਮਹੱਤਵਪੂਰਨ ਤੱਥ ਹੈ ਕਿ ਸਰਕਾਰ ਨੇ ਮੰਡੀਆਂ ’ਚ ਕਣਕ ਲਿਆਉਣ ਦੀ ਤਰੀਕ 10 ਅਪਰੈਲ ਤੈਅ ਕੀਤੀ ਹੈ ਤਾਂ ਸੈਂਕੜੇ ਮੀਲ ਦੂਰ ਤੋਂ ਚੱਲ ਕੇ ਦੋ ਦਿਨ ਪਹਿਲਾਂ ਹੀ ਕਣਕ ਦਾ ਵੱਡਹਾ ਜਖੀਰਾ ਬਠਿੰਡਾ ’ਚ ਪੁੱਜ ਗਿਆ ਹੈ।ਇਹ ਮਾਮਲਾ ਲੰਘੀ ਰਾਤ ਭਾਰਤੀ ਜੰਤਾ ਪਾਰਟੀ ਦੀ ਲੀਡਰਸ਼ਿਪ ਨੇ ਸਾਹਮਣੇ ਲਿਆਂਦਾ ਹੈ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਬੀਤੀ ਰਾਤ ਕਰੀਬ ਸਾਢੇ ਦਸ ਵਜੇ ਅਨਾਜ ਮੰਡੀ ’ਚ ਕਣਕ ਦੇ ਪੰਜ ਟਰੱਕ ਪੁੱਜੇ ਸਨ।
ਇੰਨ੍ਹਾਂ ਟਰੱਕਾਂ ਦੀ ਭਿਣਕ ਭਾਜਪਾ ਦੇ ਆਗੂ ਸੁਖਪਾਲ ਸਰਾਂ,ਮੋਹਨ ਲਾਲ ਗਰਗ, ਆਸ਼ੂਤੋਸ਼ ਤਿਵਾੜੀ ਅਤੇ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਆਦਿ ਲੀਡਰਾਂ ਨੂੰ ਪੈ ਗਈ। ਪੁਲਿਸ ਨੂੰ ਨਾਲ ਲੈਕੇ ਭਾਜਪਾ ਆਗੂ ਮੌਕੇ ਤੇ ਪੁੱਜੇ। ਕਾਫੀ ਸਮਾਂ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਭਾਜਪਾ ਦੇ ਦਬਾਅ ਹੇਠ ਤਰਪਾਲ ਹਟਾਈ ਤਾਂ ਕਣਕ ਦੀਆਂ ਭਰੀਆਂ ਬੋਰੀਆਂ ਦਿਖਾਈ ਦਿੱਤੀਆਂ। ਪੁੱਛੇ ਜਾਣ ਤੇ ਡਰਾਈਵਰ ਕਣਕ ਨਾਲ ਸਬੰਧਤ ਕੋਈ ਕਾਗਜ ਪੱਤਰ ਨਹੀਂ ਦਿਖਾ ਸਕਿਆ ਅਤੇ ਕੋਤਵਾਲੀ ਪੁਲਿਸ ਨੇ ਮਾਰਕੀਟ ਕਮੇਟੀ ਦਾ ਨਾਮ ਲੈਕੇ ਪੱਲਾ ਝਾੜ ਲਿਆ ਅਤੇ ਅਧਿਕਾਰੀ ਵਾਪਿਸ ਪਰਤ ਗਏ। ਦੇਰ ਰਾਤ ਮੌਕੇ ਤੇ ਪੁੱਜੇ ਇੱਕ ਵਿਅਕਤੀ ਨੇ ਬਿਹਾਰ ਤੋਂ ਕਣਕ ਮੰਗਵਾਉਣਾ ਮੰਨ ਲਿਆ। ਅੱਜ ਵੀ ਮੌੜ ਮੰਡੀ ਨਾਲ ਸਬੰਧਤ ਟਰੱਕ ਚਾਲਕ ਨੇ ਦੱਸਿਆ ਕਿ ਅਸਲ ’ਚ ਕਣਕ ਦੀਆਂ 25 ਗੱਡੀਆਂ ਆਉਣੀਆਂ ਸਨ ਜਿੰਨ੍ਹਾਂ ਚੋਂ ਅੱਜ ਪੰਜ ਟਰੱਕ ਆਏ ਹਨ।
ਉਨ੍ਹਾਂ ਮੰਨਿਆ ਕਿ ਬਿਹਾਰ ’ਚ ਕਣਕ ਦਾ ਭਾਅ ਮਸਾਂ ਹਜਾਰ ਰੁਪਿਆ ਹੈ ਜਦੋਂਕਿ ਬਠਿੰਡਾ ’ਚ ਘੱਟੋ ਘੱਟ ਸਮਰਥਨ ਮੁੱਲ 1975 ਵਿਕਣੀ ਸੀ। ਇਸ ਪੱਤਰਕਾਰ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਭਾਰੀ ਮਾਤਰਾ ’ਚ ਕਣਕ ਜਮੀਨ ਤੇ ਲਾਹੀ ਹੋਈ ਸੀ। ਮੌਕੇ ਤੇ ਪੁੱਜੇ ਜਮਹੂਰੀ ਕਿਸਾਨ ਸਭਾ ਦੇ ਆਗੂ ਨਾਇਬ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਨਿਰਮਲ ਸਿੰਘ ਫੂਸ ਮੰਡੀ ਦੀ ਅਗਵਾਈ ਹੇਠ ਕਿਸਾਨਾਂ ਨੇ ਕੈਪਟਨ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਕਿਸਾਨ ਆਗੂ ਨਾਇਬ ਸਿੰਘ ਨੇ ਦੱਸਿਆ ਬਾਰਡਰ ਟੱਪ ਕੇ ਬਿਹਾਰ ਦੀ ਕਣਕ ਬਠਿੰਡਾ ਮੰਡੀ ’ਚ ਪੁੱਜਣਾ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਅਨਾਜ ਮੰਡੀ ’ਚ ਕਣਕ ਦਾ ਦਾਣਾ ਵੀ ਨਹੀਂ ਆਇਆ ਹੈ ਤਾਂ ਭਾਰੀ ਮਾਤਰਾ ’ਚ ਕਣਕ ਆਉਣ ਸਰਕਾਰ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ।
ਕਥਿਤ ਸਿਆਸੀ ਸ਼ਹਿ ਦੇ ਚਰਚੇ
ਬਠਿੰਡਾ ’ਚ ਇੰਜ ਦਲੇਰਾਨਾ ਕਣਕ ਪੁੱਜਣ ਨੂੰ ਲੈਕੇ ਕਥਿਤ ਸਿਆਸੀ ਪੁਸ਼ਤਪਨਾਹੀਂ ਦੇ ਚਰਚੇ ਹਨ। ਅੱਜ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਲੀਡਰ ਨੇ ਕਣਕ ਦੀ ਖਰੀਦ ਨਾਲ ਜੁੜੇ ਇੱਕ ਅਧਿਕਾਰੀ ਨਾਲ ਮੀਟਿੰਗ ਵੀ ਕੀਤੀ ਹੈ ਜਿਸ ਨੂੰ ਲੈਕੇ ਇਸ ਚਰਚਾ ਨੂੰ ਬਲ ਮਿਲਦਾ ਹੈ। ਅਧਿਕਾਰੀ ਇਸ ਮਾਮਲੇ ’ਚ ਕੁੱਝ ਵੀ ਨਹੀਂ ਕਹਿ ਰਹੇ ਹਨ ਪਰ ਸ਼ਹਿਰ ’ਚ ਭਾਂਤ ਭਾਂਤ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਮਾਮਲਾ ਪੂਰੀ ਤਰਾਂ ਸ਼ੱਕੀ
ਮਾਮਲੇ ਦਾ ਹੈਰਾਨੀਜਨਕ ਪਹਿਲੂ ਹੈ ਕਿ ਜਦੋਂ ਮੰਡੀ ’ਚ ਬਿਨਾਂ ਟੋਕਨ ਇੱਕ ਵੀ ਦਾਣਾ ਲਾਹੁਣ ਤੇ ਰੋਕ ਹੈ ਤਾਂ ਇਸ ਦੌਰਾਨ ਕਣਕ ਦਾ ਜਖੀਰਾ ਉਤਾਰਨਾ ਸ਼ੱਕ ਪੈਦਾ ਕਰਦਾ ਹੈ। ਪਲਾਸਟਿਕ ਦੇ ਬੈਗਾਂ ਤੇ ਵੱਖ ਵੱਖ ਤਰਾਂ ਦਾ ਮਾਰਕਾ ਲੱਗਿਆ ਹੋਇਆ ਹੈ ਜਿੰਨ੍ਹਾਂ ਨੂੰ ਲੇਬਰ ਨੇ ਲਾਹਿਆ ਹੈ। ਇੱਕ ਮਜਦੂਰ ਨੇ ਦੱਸਿਆ ਕਿ ਉਨ੍ਹਾਂ ਤਾਂ ਮਜਦੂਰੀ ਲੈਣੀ ਹੈ ਕਣਕ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਮਾਮਲੇ ’ਚ ਸਖਤ ਕਾਰਵਾਈ ਹੋਵੇ:ਭਾਜਪਾ
ਭਾਜਪਾ ਆਗੂ ਸੁਖਪਾਲ ਸਰਾਂ ਅਤੇ ਆਸ਼ੂਤੋਸ਼ ਤਿਵਾੜੀ ਦਾ ਕਹਿਣਾ ਸੀ ਕਿ ਇਹ ਮਾਮਲਾ ਨਾਂ ਕੇਵਲ ਸਰਕਾਰੀ ਖਜਾਨੇ ਨੂੰ ਵੱਡਾ ਰਗੜਾ ਲਾਉਣ ਦਾ ਹੈ ਬਲਕਿ ਕਿਸਾਨਾਂ ਦੇ ਹਿੱਤਾਂ ਤੇ ਡਾਕਾ ਹੈ ਜਿਸ ਦਾ ਨਿੱਤ ਕੈਪਟਨ ਸਰਕਾਰ ਦਮ ਭਾਰਦੀ ਆ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਰਾਜ ’ਚ ਸ਼ਰੇਆਮ ਕਾਲਾਬਜਾਰੀ ਕੀਤੀ ਜਾ ਰਹੀ ਹੈ ਪਰ ਕੋਈ ਪੁੱਛਣ ਵਾਲਾ ਨਹੀਂ ਹੈ। ਭਾਜਪਾ ਆਗੂਆਂ ਨੇ ਐਸ ਐਸ ਪੀ ਅਤੇ ਡਿਪਟੀ ਕਮਿਸ਼ਨਰ ਕੋਲੋਂ ਇਸ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਮੰਗ ਕੀਤੀ ਹੈ।
ਕਿਸਾਨਾਂ ਦੀ ਕਿਸ ਤਰਾਂ ਵਿਕੇਗੀ ਕਣਕ
ਕਿਸਾਨ ਆਗੂ ਨਾਇਬ ਸਿੰਘ ਅਤੇ ਨਿਰਮਲ ਸਿੰਘ ਫੂਸ ਮੰਡੀ ਨੇ ਦੱਸਿਆ ਕਿ ਅਜਿਹੇ ਹਾਲਾਤਾਂ ਦਰਮਿਆਨ ਕਿਸਾਨਾਂ ਦੀ ਕਣਕ ਕਿਸ ਤਰਾਂ ਵਿਕੇਗੀ। ਉਨ੍ਹਾਂ ਆਖਿਆ ਕਿ ਉਹ ਆੜ੍ਹਤੀਆਂ ਦੇ ਵਿਰੋਧੀ ਨਹੀਂ ਅਤੇ ਉਨ੍ਹਾਂ ਦੀ ਮੰਗ ਦੀ ਹਮਾਇਤ ਕਰਦੇ ਹਨ ਪਰ ਕਿਸਾਨ ਹਿੱਤਾ ਤੇ ਡਾਕਾ ਨਹੀਂ ਵੱਜਣ ਦੇਣਗੇ। ਉਨ੍ਹਾਂ ਆਖਿਆ ਕਿ ਜੇਕਰ ਕਣਕ ਲਿਆਉਣ ਵਾਲਿਆਂ ਖਿਲਾਫ ਕਾਰਵਾਈ ਨਾਂ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ।
ਪੁਲਿਸ ਕੇਸ ਦਰਜ-ਐਸ ਐਚ ਓ
ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਆੜ੍ਹਤੀ ਫਰਮ ਬਾਬੂ ਰਾਮ ਅਸ਼ੋਕ ਕੁਮਾਰ ਅਤੇ ਲਕਸ਼ਮੀ ਆਇਲ ਮਿੱਲ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ ਹੈ।