ਚੰਡੀਗੜ੍ਹ, 19 ਮਾਰਚ 2021 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਸਮਾਗਮ ਕਿਸਾਨੀ ਅੰਦੋਲਨ ਨੂੰ ਧਿਆਨ ਵਿਚ ਰੱਖਦਿਆਂ ਕਰਵਾਇਆ ਜਾ ਰਿਹਾ ਹੈ। ‘ਕਿਸਾਨ ਅੰਦੋਲਨ ਵਿਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਉਕਤ ਵਿਚਾਰ-ਚਰਚਾ ਸਮਾਗਮ 21 ਮਾਰਚ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸਮਾਗਮ ਵਿਚ ਰਾਸ਼ਟਰੀ, ਖੇਤਰੀ ਮੀਡੀਆ ਦੀ ਕਿਸਾਨ ਅੰਦੋਲਨ ਵਿਚ ਕਿਹੋ ਜਿਹੀ ਭੂਮਿਕਾ ਰਹੀ ਤੇ ਗਰਾਊਂਡ ਜ਼ੀਰੋ ’ਤੇ ਪੱਤਰਕਾਰੀ ਕਰਦਿਆਂ ਕਿਨ੍ਹਾਂ ਘਟਨਾਵਾਂ ਨਾਲ ਕਿਹੜੇ ਜਬਰ ਦਾ ਪੱਤਰਕਾਰਾਂ ਨੂੰ ਵੀ ਸਾਹਮਣਾ ਕਰਨਾ ਪਿਆ, ਇਸ ’ਤੇ ਵਿਸਥਾਰਤ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਕਰਨਗੇ ਅਤੇ ਬਤੌਰ ਮੁੱਖ ਬੁਲਾਰੇ ਪੱਤਰਕਾਰ ਮਨਦੀਪ ਪੂਨੀਆ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਆਪਣੀ ਗੱਲ ਰੱਖਣਗੇ। ਉਨ੍ਹਾਂ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਸਭਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ।