ਅਸ਼ੋਕ ਵਰਮਾ
ਬਠਿੰਡਾ,26ਮਾਰਚ2021: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਦੇਸ਼ ਭਰ ’ਚ ਬੰਦ ਤੇ ਚੱਕਾ ਜਾਮ ਨੂੰ ਬਠਿੰਡਾ ਜਿਲ੍ਹੇ ’ਚ ਲਾਮਿਸਾਲ ਹੁੰਗਾਰਾ ਮਿਲਿਆ। ਬਠਿੰਡਾ ਸ਼ਹਿਰ ’ਚ ਦਵਾਈਆਂ ਅਤੇ ਹੋਟਲਾਂ ਨੂੰ ਛੱਡ ਕੇ ਸਮੂਹ ਕਾਰੋਬਾਰੀਆਂ ਨੇ ਆਪਣੇ ਅਦਾਰੇ ਬੰਦ ਰੱਖ ਕੇ ਕਿਸਾਨ ਸੰਘਰਸ਼ ਦੀ ਹਮਾਇਤ ਦਿੱਤੀ। ਸ਼ਹਿਰ ’ਚ ਭਾਵੇਂ ਮੋਟਰਸਾਈਕਲ ਕਾਰਾਂ ਆਦਿ ਦੌੜਦੀਆਂ ਦਿਖਾਈ ਦਿੱਤੀਆਂ ਜਦੋਂਕਿ ਕੌਮੀ ਸੜਕ ਮਾਰਗਾਂ ਤੇ ਆਵਾਜਾਈ ਗਾਇਬ ਨਜ਼ਰ ਆਈ ਜਾਂ ਉਨ੍ਹਾਂ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਜੋ ਸਵੇਰੇ ਜਲਦੀ ਨਿਕਲਣ ਦੀ ਕੋਸ਼ਿਸ਼ ’ਚ ਆਏ ਪਰ ਕਿਸਾਨਾਂ ਵੱਲੋਂ ਮਿਥੇ ਸਮੇ ਤੇ ਧਰਨਾ ਲਾਉਣ ਕਾਰਨ ਰਸਤੇ ’ਚ ਫਸ ਗਏ। ਕਿਸਾਨਾਂ ਅਤੇ ਵੱਖ ਵੱਖ ਵਰਗਾਂ ਨੇ ਭਾਈ ਘਨਈਆ ਚੌਂਕ ’ਚ ਧਰਨਾ ਦਿੱਤਾ ਜਿੱਥੇ ਜੋਰਦਾਰ ਨਾਅਰਿਆਂ ਦੀ ਗੂੰਜ ’ਚ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਰੱਦ ਨਹੀਂ ਕਰਦੀ ਸੰਘਰਸ਼ ਜਾਰੀ ਰੱਖਿਆ ਜਾਏਗਾ।
ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ,ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਹਧਾਨ ਅਮਰਜੀਤ ਸਿੰਘ ਹਨੀ, ਗੁਰਮੇਲ ਸਿੰਘ ਲਹਿਰਾ ਮੁਹੱਬਤ, ਕੁਲਵੰਤ ਸਿੰਘ, ਅੰਗਰੇਜ ਸਿੰਘ,ਗੁਰਦੀਪ ਸਿੰਘ ਮਹਿਮਾ ਸਰਜਾ ਅਤੇ ਜਸਵੀਰ ਸਿੰਘ ਗਹਿਰੀ ਭਾਗੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਰਮ ਪਾਲ ਰਹੀ ਹੈ ਕਿ ਕਣਕ ਦੀ ਫਸਲ ਨੂੰ ਦੇਖਦਿਆਂ ਕਿਸਾਨ ਘਰਾਂ ਨੂੰ ਚਲੇ ਜਾਣਗੇ ਪਰ ਇਹ ਹਕੂਮਤ ਨੂੰ ਭੁਲੇਖਾ ਹੈ ਕਿਸਾਨ ਬਿਨਾਂ ਪ੍ਰਾਪਤੀ ਦੇ ਦਿੱਲੀ ਦੇ ਬਾਰਡਰਾਂ ਤੋਂ ਨਹੀਂ ਹਿੱਲਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਕਾਰਨ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਹਰ ਵਰਗ ਪ੍ਰਭਾਵਿਤ ਅਤੇ ਵੱਡੀ ਗਿਣਤੀ ਲੋਕਾਂ ਦਾ ਰੁਜ਼ਗਾਰ ਖਤਮ ਤੇ ਮਹਿੰਗਾਈ ਅਸਮਾਨੀ ਚੜ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਮਾੜੇ ਅਸਰਾਂ ਨੂੰ ਦੇਖਦਿਆਂ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ’ਚ ਕੁੱਦਣਾ ਚਾਹੀਦਾ ਹੈ।
ਕਿਸਾਨ ਬੁਲਾਰਿਆਂ ਨੇ ਕਿਹਾ ਕਿ ਅੰਨਦਾਤਾ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਚਾਰ ਮਹੀਨਿਆਂ ਤੋਂ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਪਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿੱਛੇ ਨਹੀਂ ਹਟਣਗੇ ਕਿਉਂਕਿ ਸੰਘਰਸ਼ੀ ਧਿਰਾਂ ਨੇ ਲੜਾਈ ਲੰਮੀ ਚਲਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤਿੰਨੇ ਖੇਤੀ ਕਾਨੂੰਨ ਰੱਦ ਕਰ ਕੇ ਘੱਟੋ ਘੱਟ ਸਮਰਥਨ ਮੁੱਲ ਤੇ ਫਸਲਾਂ ਖਰੀਦਣ ਦੀ ਗਾਰੰਟੀ ਵਾਲਾ ਕਾਨੂੰਨ ਲਿਆਂਦਾ ਗਿਆ ਤਾਂ ਕਿਸਾਨ ਉਦੋਂ ਸੰਘਰਸ਼ ਵਾਪਿਸ ਲੈਣਗੇ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਦੇ ਹੱਥਾਂ ’ਚ ਖੇਡ੍ਹ ਕੇ ਦੇਸ਼ ਵਿਰੋਧੀ ਫ਼ੈਸਲੇ ਲੈ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਆਖਿਆ ਕਿ ਜੇਕਰ ਖੇਤੀ ਕਾਨੂੰਨ ਐਨੇ ਹੀ ਵਧੀਆ ਹਨ ਤਾਂ ਫਿਰ ਭਾਜਪਾ ਆਗੂ ਬਹਿਸ ਤੋਂ ਕਿਉਂ ਭੱਜ ਰਹੇ ਹਨ।
ਹਰ ਵਰਗ ਸਮਝ ਰਿਹਾ ਆਪਣੀ ਲੜਾਈ
ਭਰਾਤਰੀ ਹਮਾਇਤ ਵਜੋਂ ਧਰਨੇ ’ਚ ਪੁੱਜੇ ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਅਤੇ ਪੇਰੈਂਟਸ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਅਜਾਦੀ ਦੀ ਲੜਾਈ ਤੋਂ ਬਾਅਦ ਇਹ ਪਹਿਲੀ ਦਫਾ ਹੈ ਕਿ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਨੂੰ ਹਰ ਕੋਈ ਆਪਣਾ ਧਰਮ ਸਮਝ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਨੂੰ ਦੇਖਦਿਆਂ ਹੁਣ ਤਾਂ ਮੋਦੀ ਸਰਕਾਰ ਨੂੰ ਵੀ ਰਮਜ਼ ਸਮਝ ਲੈਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਨੇ ਖੇਤੀ ਕਾਨੂੰਨ ਬਣਾਕੇ ਜੋ ਚੁਣੌਤੀ ਦਿੱਤੀ ਹੈ ਉਸ ਖਿਲਾਫ ਇਸ ਵੇਲੇ ਲੋਕ ਰੋਹ ਉਬਾਲੇ ਮਾਰ ਰਿਹਾ ਾ ਹੈ ਜਿਸ ਦੇ ਸਿਰ ਤੇ ਮੋਦੀ ਸਰਕਾਰ ਦੀ ਅੜੀ ਭੰਨੀ ਜਾਏਗੀ।