ਅਸ਼ੋਕ ਵਰਮਾ
- ਮਜ਼ਦੂਰਾਂ ਨੂੰ ਭਾਜਪਾ ਦੇ ਸਮਾਗਮਾਂ ਦੇ ਬਾਈਕਾਟ ਦੀ ਅਪੀਲ
ਬਠਿੰਡਾ,11 ਅਪਰੈਲ 2021 - ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 14 ਅਪ੍ਰੈਲ ਨੂੰ ਹਰਿਆਣਾ ‘ਚ ਅਬੰਡੇਕਰ ਜਯੰਤੀ ਮਨਾਉਣ ਦੇ ਨਾਂ ਹੇਠ ਕਿਸਾਨਾਂ ਤੇ ਮਜਦੂਰਾਂ -ਦਲਿਤਾਂ ‘ਚ ਟਕਰਾਅ ਕਰਾਉਣ ਵਾਲੇ ਪੈਂਤੜੇ ਰਾਹੀਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਢਾਹ ਲਾਉਣ ਦੀ ਕਾਰਵਾਈ ਕਰਾਰ ਦਿੰਦਿਆਂ ਪੰਜਾਬ ਦੀਆਂ ਅੱਠ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਨੇ ਸਮੂਹ ਮਜਦੂਰਾਂ ਤੇ ਦਲਿਤ ਭਾਈਚਾਰੇ ਨੂੰ ਭਾਜਪਾਈ ਹਾਕਮਾਂ ਦੇ ਖੋਟੇ ਮਨਸੂਬਿਆਂ ਨੂੰ ਪਛਾੜਨ ਲਈ ਇੰਨ੍ਹਾਂ ਸਰਕਾਰੀ ਸਮਾਗਮਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਇੰਨ੍ਹਾਂ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਹਾਥਰਸ ‘ਚ ਦਲਿਤ ਲੜਕੀ ਦੀ ਜੀਭ ਕੱਟਣ ਅਤੇ ਸਮੂਹਿਕ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਸਮੁੱਚੇ ਪਿੰਡ ਨੂੰ ਪੁਲਿਸ ਛਾਉਣੀ ‘ਚ ਬਦਲਕੇ ਮ੍ਰਿਤਕ ਲੜਕੀ ਦਾ ਅੱਧੀ ਰਾਤ ਸਸਕਾਰ ਕਰਨ ਵਰਗੀਆਂ ਅਣਮਨੁੱਖੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਭਾਜਪਾ ਹਕੂਮਤ ਭਲਾਂ ਦਲਿਤ ਹਿਤੈਸ਼ੀ ਕਿਵੇਂ ਹੋ ਸਕਦੀ ਹੈ?
ਅੱਠ ਮਜਦੂਰ ਜਥੇਬੰਦੀਆਂ ‘ਤੇ ਅਧਾਰਿਤ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਹ ਅਪੀਲ ਕਰਨ ਵਾਲਿਆਂ ’ਚ ਦਿਹਾਤੀ ਮਜਦੂਰ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਬਲੀ ਬੁਢਲਾਡਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ, ਖੇਤ ਮਜਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਲਜਾਰ ਗੌਰੀਆ, ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਮਾ ਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਸ਼ਾਮਲ ਹਨ।
ਮਜਦੂਰ ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਡਾਕਟਰ ਭੀਮ ਰਾਓ ਅੰਬੇਡਕਰ ਪ੍ਰਤੀ ਨਕਲੀ ਹੇਜ ਵਿਖਾ ਰਹੀ ਹੈ ਜਦੋਂ ਕਿ ਉਹ ਆਪਣੀ ਵਿਚਾਰਧਾਰਾ ਤੇ ਅਮਲਾਂ ਪੱਖੋਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਦਲਿਤ ਸਮਾਜ ਦੀ ਕੱਟੜ ਦੁਸ਼ਮਣ ਹੈ । ਉਹਨਾਂ ਕਿਹਾ ਕਿ ਸੰਨ 2014 ਤੋਂ ਬੀਜੇਪੀ ਦੇ ਕੇਂਦਰੀ ਸੱਤਾ ‘ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜਾਤਪਾਤੀ ਹਿੰਸਾ ‘ਚ ਚੋਖਾ ਵਾਧਾ ਹੋਇਆ ਹੈ ਜਿਸਦੀ ਪੁਸ਼ਟੀ ਨੈਸ਼ਨਲ ਕਰਾਇਮ ਬਿਊਰੋ ਨੇ ਕੀਤੀ ਹੈ ਜਿਸ ਦੀ ਰਿਪੋਰਟ ’ਚ ਦੱਸਿਆ ਹੈ ਕਿ ਸਾਲ 2015 ਦੇ ਮੁਕਾਬਲੇ 2019 ‘ਚ ਦਲਿਤਾਂ ‘ਤੇ ਜਬਰ ਦੀਆਂ ਘਟਨਾਵਾਂ ‘ਚ 19 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਜਾਹਰ ਹੈ ਕਿ ਭਾਜਪਾ ਨੂੰ ਦਲਿਤ ਫੁੱਟੀ ਅੱਖ ਨਹੀਂ ਸੁਹਾਉਂਦੇ ਹਨ।
ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਮਜਦੂਰ, ਕਿਸਾਨ ਤੇ ਦੇਸ਼ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਤੇ ਲੋਕਾਂ ਵਿੱਚ ਭਾਰੀ ਰੋਹ ਕਾਰਨ ਖੱਟਰ ਸਰਕਾਰ ਜਨਤਕ ਸਮਾਗਮ ਕਰਨ ਲਈ ਤਰਸ ਰਹੀ ਹੈ ਜਿਸ ਕਰਕੇ ਹੁਣ ਅੰਬੇਡਕਰ ਜੈਅੰਤੀ ਦੇ ਬਹਾਨੇ ਉਹ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ ਅੰਬੇਡਕਰ ਜੈਅੰਤੀ ਦੇ ਨਾਂ ਹੇਠ ਇੱਕ ਹੱਥ ਦਲਿਤ ਭਾਈਚਾਰੇ ਨੂੰ ਪਤਿਆਉਣਾ ਚਾਹੁੰਦੀ ਹੈ ਅਤੇ ਦੂਜੇ ਹੱਥ ਭਾਜਪਾ ਸਰਕਾਰ ਦਾ ਹੱਕੀ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਲਿਤ ਤੇ ਅੰਬੇਡਕਰ ਵਿਰੋਧੀ ਗਰਦਾਨਕੇ ਮਜਦੂਰਾਂ ਕਿਸਾਨਾਂ ‘ਚ ਟਕਰਾਅ ਪੈਦਾ ਕਰਨ ਰਾਹੀਂ ਦੋਵਾਂ ਧਿਰਾਂ ‘ਚ ਵੰਡੀਆਂ ਪਾਉਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ ਇਹਨਾਂ ਸਮਾਗਮਾਂ ਦੇ ਬਹਾਨੇ ਆਪਣੀ ਖੁੱਸੀ ਹੋਈ ਸਾਖ ਬਹਾਲ ਕਰਨ ਦੇ ਚੱਕਰ ’ਚ ਹੈ ਜਿਸਨੂੰ ਦਲਿਤ ਸਫਲ ਨਹੀਂ ਹੋਣ ਦੇਣਗੇ।
ਮਜਦੂਰ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀਆਂ ਸਰਕਾਰਾਂ ਵੱਲੋਂ ਦਲਿਤਾਂ ’ਤੇ ਢਾਹੇ ਜਾ ਰਹੇ ਜੁਲਮਾਂ ਨੂੰ ਚੇਤੇ ਰੱਖਣ । ਉਹਨਾਂ ਆਖਿਆ ਕਿ ਇਹ ਉਹੋ ਭਾਜਪਾ ਸਰਕਾਰ ਹੈ ਜਿਸਨੇ ਭੀਮਾਕੋਰੋਗਾਓ ਵਿਖੇ ਆਪਣੇ ਦਲਿਤ ਸੂਰਬੀਰਾਂ ਦੀ ਵਰ੍ਹੇਗੰਢ ਮਨਾਉਂਦੇ ਦਲਿਤਾਂ ਅਤੇ ਜਮਹੂਰੀ ਲੋਕਾਂ ’ਤੇ ਹਮਲੇ ਕਰਵਾਕੇ ਦਲਿਤ ਵਿਦਵਾਨ ਅਤੇ ਡਾਕਟਰ ਅੰਬੇਡਕਰ ਦੇ ਰਿਸ਼ਤੇਦਾਰ ਪ੍ਰੋਫੈਸਰ ਅਨੰਦ ਤੇਲਤੂੰਬੜੇ ਅਤੇ ਅਨੇਕਾਂ ਲੋਕ ਪੱਖੀ ਵਿਦਵਾਨਾਂ ਨੂੰ ਸਲਾਖਾਂ ਪਿੱਛੇ ਡੱਕ ਰੱਖਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਦਲਿਤ ਭਾਈਚਾਰਾ ਆਰਐਸਐਸ ਤੇ ਭਾਜਪਾ ਹਕੂਮਤ ਦੇ ਝਾਂਸੇ ‘ਚ ਨਾਂ ਆਕੇ ਇਸਦੇ ਵੰਡੀਆਂ ਪਾਉਣ ਦੇ ਮਨਸੂਬੇ ਫੇਲ੍ਹ ਕਰੇਗਾ। ਉਹਨਾਂ ਮਜਦੂਰ ਤੇ ਦਲਿਤ ਭਾਈਚਾਰੇ ਨੂੰ ਖੇਤੀ ਕਾਨੂੰਨਾਂ ਦੇ ਮਜਦੂਰਾਂ ’ਤੇ ਪੈਣ ਵਾਲੇ ਮਾਰੂ ਅਸਰਾਂ ਅਤੇ ਭਾਜਪਾ ਦੇ ਦਲਿਤ ਵਿਰੋਧੀ ਕਿਰਦਾਰ ਨੂੰ ਸਮਝਦਿਆਂ ਖੱਟਰ ਸਰਕਾਰ ਦੇ ਬਾਈਕਾਟ ਅਤੇ ਵਿਰੋਧ ਦਾ ਸੱਦਾ ਦਿੱਤਾ।