ਅਸ਼ੋਕ ਵਰਮਾ
ਬਠਿੰਡਾ ,4 ਅਪਰੈਲ 2021: ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ ਪੰਜ ਅਪ੍ਰੈਲ ਨੂੰ ਐਫ ਸੀ ਆਈ ਦਫਤਰਾਂ ਦੇ ਦਿੱਤੇ ਘਿਰਾਓ ਦੇ ਸੱਦੇ ਨਾਲ ਤਾਲਮੇਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਵੱਲੋਂ ਮੌੜ ਮੰਡੀ ,ਰਾਮਾ ਮੰਡੀ ,ਭੁੱਚੋ ਮੰਡੀ ਅਤੇ ਗੋਨਿਆਣਾ ਮੰਡੀ ਵਿਖੇ ਐਫਸੀਆਈ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਬਲਾਕਾਂ ਵੱਲੋਂ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਇਨ੍ਹਾਂ ਘਿਰਾਓ ਦੇ ਇਕੱਠਾਂ ਵਿੱਚ ਪਹੁੰਚਣ ਲਈ ਆਗੂਆਂ ਤੇ ਸਰਗਰਮ ਵਰਕਰਾਂ ਦੀਆਂ ਜਿੰਮੇਵਾਰੀਆਂ ਲਾਈਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਕੱਲ੍ਹ ਦੇ ਇਕੱਠਾਂ ਵਿੱਚ ਮੋਦੀ ਹਕੂਮਤ ਦਾ ਸਰਕਾਰੀ ਖ਼ਰੀਦ ਏਜੰਸੀਆਂ ਦਾ ਭੋਗ ਪਾ ਕੇ ਅਤੇ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਭਰਮ ਤੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਤਿੰਨੇ ਖੇਤੀ ਕਨੂੰਨ ਲਾਗੂ ਕਰਨ ਦੀ ਨੀਤੀ ਤੇ ਚੱਲਦਿਆਂ ਹੀ ਐਫਸੀਆਈ ਨੂੰ ਤੋਡ਼ ਕੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਤੋਂ ਭੱਜਣਾ ਹੈ ਅਤੇ ਗ਼ਰੀਬ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲ ਰਹੇ ਸਸਤੇ ਅਨਾਜ ਦਾ ਭੋਗ ਪਾਉਣਾ ਹੈ।
ਉਨ੍ਹਾਂ ਸਮੂਹ ਕਿਸਾਨ, ਮਜ਼ਦੂਰਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਦੇ ਇਕੱਠਾਂ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਤਾਂ ਜੋ ਹਰ ਇੱਕ ਵਿਅਕਤੀ ਲਈ ਜ਼ਰੂਰੀ ਭੋਜਨ ਸੁਰੱਖਿਆ ਪ੍ਰਣਾਲੀ ਦੀ ਰਾਖੀ ਕੀਤੀ ਜਾ ਸਕੇ।