ਕਮਲਜੀਤ ਸਿੰਘ ਸੰਧੂ
ਬਰਨਾਲਾ, 23 ਮਾਰਚ 2021 - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਅੱਜ ਵਿਸ਼ੇਸ਼ ਤੌਰ ’ਤੇ ਵਧ ਚੜ ਕੇ ਨੌਜਵਾਨ ਵਲੋਂ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ। ਕਿਸਾਨ ਮੋਰਚੇ ਦੇ ਪ੍ਰਬੰਧ ਅਤੇ ਸਟੇਜ ਨੌਜਵਾਨਾਂ ਵਲੋਂ ਹੀ ਚਲਾਈ ਗਈ। ਸਮੂਹ ਕਿਸਾਨਾਂ, ਨੌਜਵਾਨ ਲੜਕੇ ਲੜਕੀਆਂ ਅਤੇ ਔਰਤਾਂ ਕੇਸਰੀ ਪੱਗਾਂ, ਚੁੰਨੀਆਂ ਅਤੇ ਪੱਟੀਆਂ ਬੰਨ ਕੇ ਮੋਰਚੇ ਵਿੱਚ ਸ਼ਾਮਲ ਹੋਏ, ਜਿਹਨਾਂ ਵਲੋਂ ਮੋਰਚੇ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਰਧਾਂਜਲੀ ਦੇ ਕੇ ਕੀਤੀ ਗਈ।
ਇਸ ਦੌਰਾਨ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸ਼ਹਾਦਤ ਦਿੱਤੀ ਸੀ। ਉਹ ਆਜ਼ਾਦੀ ਦੇਸ਼ ਦੇ ਲੋਕਾਂ ਨੂੰ ਨਹੀਂ ਮਿਲ ਸਕੀ। ਅੱਜ ਵੀ ਕਿਰਤੀ ਲੋਕਾਂ ਦੀ ਲੁੱਟ ਜਾਰੀ ਹੈ। ਸ਼ਹੀਦ ਭਗਤ ਸਿੰਘ ਗੋਰੇ ਅੰਗਰੇਜ਼ਾਂ ਵਿਰੁੱਧ ਲੜਾਈ ਲੜਦੇ ਸ਼ਹਾਦਤ ਦੇ ਕੇ ਗਏ ਹਨ, ਜਦੋਂਕਿ ਅੱਜ ਕਾਲੇ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਹਨ। ਦੇਸ਼ ਦੇ ਅਜੋਕੇ ਹਾਲਾਤ ਸ਼ਹੀਦ ਭਗਤ ਸਿੰਘ ਦੇ ਸਮੇਂ ਵਾਂਗ ਹੀ ਹਨ।
ਉਸ ਸਮੇਂ ਵੀ ਲੜਾਈ ਸਾਮਰਾਜੀ ਸਿਸਟਮ ਲੜੀ ਗਈ ਸੀ ਅਤੇ ਹੁਣ ਵੀ ਲੜਾਈ ਕਾਰਪੋਰੇਟ ਸਿਸਟਮ ਖਿਲਾਫ਼ ਲੋਕ ਲੜ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਰਤੀ ਲੋਕਾਂ ਦੀ ਲੁੱਟ ਲਈ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਹਨ। ਜਿਹਨਾਂ ਦਾ ਕਿਸਾਨ ਅਤੇ ਖਾਸ ਕਰ ਨੌਜਵਾਨ ਅੱਗੇ ਵਧ ਕੇ ਸੰਘਰਸ਼ ਕਰ ਰਹੇ ਹਨ। ਇਸ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਨੌਜਵਾਨ ਵੱਡੀ ਪੱਧਰ ’ਤੇ ਜਾਗਰੂਕ ਹੋਏ ਹਨ। ਜਿਸ ਕਰਕੇ ਇਹ ਸੰਘਰਸ਼ ਦੇਸ਼ ਨੂੰ ਇੱਕ ਨਵੀਂ ਮੰਜ਼ਿਲ ਵੱਲ ਲੈ ਕੇ ਜਾਵੇਗਾ।