ਅਸ਼ੋਕ ਵਰਮਾ
ਜਲੰਧਰ , 26 ਮਾਰਚ 2021: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਅੱਜ ਇੱਕ ਬਿਆਨ ਰਾਹੀਂ ‘ਸੰਯੁਕਤ ਕਿਸਾਨ ਮੋਰਚਾ‘ ਦੇ ਭਾਰਤ ਬੰਦ ਦੇ ਸੱਦੇ ਨੂੰ ਲਾਮਿਸਾਲ ਕਾਮਯਾਬ ਕਰਨ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੰਦ ਦੀ ਸਫਲਤਾ ਇਸ ਤੱਥ ਦਾ ਪ੍ਰਤੱਖ ਸਬੂਤ ਹੈ ਕਿ ਲੋਕਾਈ ਮੋਦੀ ਸਰਕਾਰ ਦੀਆਂ ਲੋਕਾਂ ਦਾ ਜੀਵਨ ਬਦ ਤੋਂ ਬਦਤਰ ਕਰਨ ਵਾਲੀਆਂ ਆਰਥਿਕ ਨੀਤੀਆਂ, ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਵਾਲੇ ਫੈਸਲਿਆਂ ਅਤੇ ਘਟੀਆ ਕਿਸਮ ਦੀ ਜੁਮਲੇਬਾਜ਼ੀ ਤੋਂ ਪੂਰੀ ਤਰ੍ਹਾਂ ਬਦਜਨ ਹੋ ਚੁੱਕੇ ਹਨ। ਸਾਥੀ ਪਾਸਲਾ ਨੇ ਕਿਹਾ ਕਿ ਬੰਦ ਦੀ ਸਫਲਤਾ ਇਹ ਵੀ ਦਰਸਾਉਂਦੀ ਹੈ ਕਿ ਦੇਸ਼ ਵਾਸੀ ਮੋਦੀ ਸਰਕਾਰ ਦੀਆਂ ਫਿਰਕੂ ਫਾਸ਼ੀ ਨੀਤੀਆਂ, ਤਾਨਾਸ਼ਾਹੀ ਤੌਰ ਤਰੀਕਿਆਂ ਅਤੇ ਬੇਲੋੜੇ ਮੁਦਿਆਂ ਤੇ ਆਧਾਰਿਤ ਸਵਾਰਥੀ ਰਾਜਨੀਤੀ ਤੋਂ ਵੀ ਪਾਸਾ ਵੱਟ ਰਹੇ ਹਨ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰੋਸ਼ਨ ਭਵਿੱਖ ਲਈ ਬੁਨਿਆਦੀ ਮੁਦਿਆਂ ਆਧਾਰਿਤ ਸੰਘਰਸ਼ਾਂ ਨੂੰ ਤਰਜੀਹ ਦਿੰਦੇ ਹਨ।
ਸਾਥੀ ਪਾਸਲਾ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਜਦੋਂ ਦੇਸ਼ ਦੀਆਂ ਖੱਬੀਆਂ-ਜਮਹੂਰੀ ਸ਼ਕਤੀਆਂ ਤੇ ਸਾਰੀਆਂ ਭਾਜਪਾ ਵਿਰੋਧੀ; ਲੋਕਰਾਜੀ, ਧਰਮ ਨਿਰਪੱਖ ਅਤੇ ਸੰਘੀ ਢਾਂਚੇ ਦੇ ਮੁਦਈ ਨੂੰ ਲਾਮਬੰਦ ਹੋ ਕੇ ਬੇਮਿਸਾਲ ਕੁਰਬਾਨੀਆਂ ਅਤੇ ਲੱਖਾਂ ਸ਼ਹਾਦਤਾਂ ਸਦਕਾ ਹਾਸਲ ਕੀਤੀ ਆਜ਼ਾਦੀ ਦੀ ਰਾਖੀ ਲਈ ਘੋਲਾਂ ਦਾ ਪਿੜ ਮੱਲ੍ਹਣ।ਸਾਥੀ ਪਾਸਲਾ ਕਿਹਾ ਕਿ ਲੋਕਾਂ ਦੇ ਰੌਅ ਤੋਂ ਇਹ ਯਕੀਨ ਬੱਝਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ ਜਨ ਸੰਗਰਾਮ ਅਵੱਸ਼ ਜੇਤੂ ਹੋਵੇਗਾ ਅਤੇ ਇਸ ਜਿੱਤ ਤੋਂ ਹਾਸਿਲ ਉਤਸ਼ਾਹ ਤੇ ਪ੍ਰੇਰਣਾ, ਸਾਮਰਾਜੀ ਤੇ ਕਾਰਪੋਰੇਟ ਲੁੱਟ ਨੂੰ ਸਦੀਵੀਂ ਕਾਇਮ ਰੱਖਣ ਲਈ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਅਤੇ ਹਿਟਲਰੀ ਤਰਜ਼ ਦੇ ਕੱਟੜ ਹਿੰਦੂਤਵੀ-ਮੰਨੂਵਾਦੀ ਰਾਜ ਕਾਇਮ ਕਰਨ ਦੇ ਤਬਾਹਕੁੰਨ ਮਨਸੂਬਿਆਂ ਨੂੰ ਭਾਂਜ ਦੇਣ ਦੇ ਫੈਸਲਾਕੁੰਨ ਲੋਕ ਸੰਗਰਾਮਾਂ ਦਾ ਮੁੱਢ ਬੱਝੇਗਾ।